Instagram ‘ਤੇ ਆਖਰੀ ਪੋਸਟ ਮਗਰੋਂ ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, 8 ਦਿਨਾਂ ਬਾਅਦ ਲਾਸ਼ ਬਰਾਮਦ; ਅਧਿਆਪਕ ‘ਤੇ ਕੇਸ ਦਰਜ

Instagram ‘ਤੇ ਆਖਰੀ ਪੋਸਟ ਮਗਰੋਂ ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, 8 ਦਿਨਾਂ ਬਾਅਦ ਲਾਸ਼ ਬਰਾਮਦ; ਅਧਿਆਪਕ ‘ਤੇ ਕੇਸ ਦਰਜ

ਮ੍ਰਿਤਕ ਵਿਦਿਆਰਥੀ ਯੋਗੇਸ਼ ਸ਼ਰਮਾ ਨੇ 25 ਅਪ੍ਰੈਲ 2026 ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰੀ ਸੀ। ਉਸਦੀ ਲਾਸ਼ ਦੋ ਦਿਨ ਪਹਿਲਾਂ 2 ਮਈ ਨੂੰ ਅਬੋਹਰ ਬ੍ਰਾਂਚ ਵਿੱਚੋਂ ਬਰਾਮਦ ਹੋਈ ਸੀ।

ਫਰੀਦਕੋਟ

ਬਿਊਰੋ ਰਿਪੋਰਟ

ਫਰੀਦਕੋਟ ਦੇ ਸੁਖਾਂਵਾਲਾ ਪਿੰਡ ਨਾਲ ਸੰਬੰਧਿਤ ਇਕ ਵਿਦਿਆਰਥੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਸਦਰ ਥਾਣੇ ਵਿੱਚ ਇਕ ਕਾਲਜ ਅਧਿਆਪਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਦਿਆਰਥੀ ਯੋਗੇਸ਼ ਸ਼ਰਮਾ ਨੇ 25 ਅਪ੍ਰੈਲ 2026 ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰੀ ਸੀ। ਉਸਦੀ ਲਾਸ਼ ਦੋ ਦਿਨ ਪਹਿਲਾਂ 2 ਮਈ ਨੂੰ ਅਬੋਹਰ ਬ੍ਰਾਂਚ ਵਿੱਚੋਂ ਬਰਾਮਦ ਹੋਈ ਸੀ।

ਮ੍ਰਿਤਕ ਦੇ ਪਿਤਾ ਗੁਰਸੇਵਕ ਪਾਲ ਦੇ ਬਿਆਨਾਂ ਦੇ ਆਧਾਰ ‘ਤੇ ਸਦਰ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਗੁਰੂ ਤੇਗ ਬਹਾਦਰਗੜ੍ਹ ਵਿੱਚ ਸਥਿਤ ਗੁਰੂ ਨਾਨਕ ਸਰਕਾਰੀ ਕਾਲਜ ਦੇ ਅਧਿਆਪਕ ਹਰਦੀਪ ਸਿੰਘ ਬਰਾੜ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਯੋਗੇਸ਼ ਸ਼ਰਮਾ ਲਗਭਗ 20 ਸਾਲ ਦਾ ਸੀ ਅਤੇ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। 24 ਅਪ੍ਰੈਲ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਕਾਲਜ ਲਈ ਘਰੋਂ ਨਿਕਲਿਆ ਸੀ। ਸਵੇਰੇ ਕਰੀਬ 10 ਵਜੇ ਉਸਨੇ ਆਪਣੇ ਚਾਚੇ ਨੂੰ ਫੋਨ ਕਰਕੇ ਗੂਗਲ ਪੇ ਰਾਹੀਂ ਕੁਝ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਦੱਸਿਆ ਸੀ ਕਿ ਉਸਦੇ ਅਧਿਆਪਕ ਅਤੇ ਲਾਇਬ੍ਰੇਰੀ ਇੰਚਾਰਜ ਹਰਦੀਪ ਸਿੰਘ ਬਰਾੜ ਨੇ ਰੋਲ ਨੰਬਰ ਜਾਰੀ ਕਰਨ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਜਮ੍ਹਾਂ ਕਰਵਾਉਣ ਲਈ ਰਕਮ ਮੰਗੀ ਹੈ।

ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਵੱਲੋਂ ਕਿਤਾਬਾਂ ਜਮ੍ਹਾਂ ਨਾ ਕਰਵਾਉਣ ‘ਤੇ ਉਸਨੂੰ ਸਭ ਦੇ ਸਾਹਮਣੇ ਬੇਇਜ਼ਤ ਕੀਤਾ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਤਣਾਅ ਵਿੱਚ ਆ ਗਿਆ ਅਤੇ ਉਸੇ ਦਿਨ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵੱਲੋਂ ਉਸਦੀ ਤਲਾਸ਼ ਕੀਤੀ ਜਾਂਦੀ ਰਹੀ ਅਤੇ ਆਖਿਰਕਾਰ 2 ਮਈ ਨੂੰ ਉਸਦੀ ਲਾਸ਼ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਰਹਿੰਦ ਨਹਿਰ ਦੀ ਅਬੋਹਰ ਸ਼ਾਖਾ ਵਿੱਚੋਂ ਮਿਲੀ।

ਮੌਤ ਤੋਂ ਪਹਿਲਾਂ Instagram ‘ਤੇ ਕੀਤਾ ਪੋਸਟ

ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਦਿਆਰਥੀ ਯੋਗੇਸ਼ ਨੇ ਆਪਣੀ Instagram ਆਈਡੀ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਲਿਖਿਆ ਕਿ ਰੋਡੇ ਕਾਲਜ ਦੇ “ਮੋਟੇ ਸਰ” ਨੂੰ ਸਜ਼ਾ ਦਿੱਤੀ ਜਾਵੇ। ਨਾਲ ਹੀ ਉਸਨੇ ਆਪਣੇ ਪਰਿਵਾਰ ਲਈ ਵੀ ਜਜ਼ਬਾਤੀ ਸੁਨੇਹਾ ਲਿਖਿਆ ਕਿ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਧਿਆਪਕ ਹਰਦੀਪ ਸਿੰਘ ਬਰਾੜ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *