ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਕੋਟਕਪੂਰੇ ਤੋੰ ਭਾਈ ਰਛਪਾਲ ਸਿੰਘ ਸੋਸਣ ਨੂੰ ਐਲਾਨਿਆ ਉਮੀਦਵਾਰ

ਪੜ੍ਹੇ-ਲਿਖੇ ਬਿਜਨੈਸਮੈਨ ਵਜੋਂ ਜਾਣੇ ਜਾਂਦੇ ਭਾਈ ਸੋਸਣ ਦੇ ਆਉਣ ਨਾਲ ਮਾਲਵੇ ਦੇ ਸਮੀਕਰਨ ਬਦਲੇ

ਜਸਵਿੰਦਰ ਜੱਸੀ,

ਕੋਟਕਪੂਰਾ/ਫਰੀਦਕੋਟ

ਮਾਲਵੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਕੋਟਕਪੂਰੇ ਤੋੰ ਭਾਈ ਰਛਪਾਲ ਸਿੰਘ ਸੋਸਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਭਾਈ ਸੋਸਣ ਨੂੰ 12 ਅਗਸਤ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ ਤੇ ਹੁਣ ਉਮੀਦਵਾਰ ਐਲਾਨ ਕੇ ਭਾਈ ਸੋਸਣ ਨੂੰ ਕੋਟਕਪੂਰੇ ਦੀ ਵਾਗਡੋਰ ਪੂਰੀ ਤਰ੍ਹਾਂ ਸੌੰਪ ਦਿੱਤੀ ਗਈ ਹੈ।

ਭਾਈ ਰਛਪਾਲ ਸਿੰਘ ਸੋਸਣ ਪਹਿਲਾਂ ਮੋਗੇ ਤੋੰ ਹਲਕਾ ਇੰਚਾਰਜ ਲਾਏ ਗਏ ਸਨ ਤੇ ਡੇਢ ਕੁ ਸਾਲ ਵਿਚ ਉਹਨਾਂ ਨੇ ਮੋਗਾ ਹਲਕੇ ਨੂੰ ਜਿੱਤ ਦੇ ਨੇੜੇ-ਤੇੜੇ ਲੈ ਆਂਦਾ ਸੀ ਪਰ ਪਾਰਟੀ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉੰਦਿਆਂ ਉਹ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੇ ਹੱਕ ਵਿੱਚ ਮੈਦਾਨ ‘ਚੋੰ ਹਟ ਗਏ, ਜਿਸ ਤੋੰ ਬਾਅਦ ਉਹਨਾਂ ਨੂੰ ਕੋਟਕਪੂਰਾ ਹਲਕੇ ਦੀ ਕਮਾਨ ਸੰਭਾਲੀ ਗਈ।

ਭਾਈ ਰਛਪਾਲ ਸਿੰਘ ਸੋਸਣ ਸਫਲ ਬਿਜਨਸਮੈਨ ਹੋਣ ਦੇ ਨਾਲ-ਨਾਲ ਪੜ੍ਹੇ-ਲਿਖੇ ਗੁਰਸਿੱਖ ਹਨ। ਉਹ ਦਮਦਮੀ ਟਕਸਾਲ ਦੇ ਵਿਦਿਆਰਥੀ ਰਹਿ ਚੁੱਕੇ ਹਨ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਕੋਲ ਆਨੰਦਪੁਰ ਸਾਹਿਬ ਰਹਿ ਕੇ ਅੰਗਰੇਜ਼ੀ ਵਿੱਚ ਕਥਾ ਕਰਨ ਵਿੱਚ ਮੁਹਾਰਤ ਹਾਸਿਲ ਕੀਤੀ। ਉਹ ਲੰਮਾ ਸਮਾਂ ਵੱਖ-ਵੱਖ ਪੰਜਾਬੀ ਅਖ਼ਬਾਰਾਂ ‘ਚ ਐਡੀਟਰ ਰਹੇ ਜਦਕਿ ਕਈ ਪੰਜਾਬੀ ਤੇ ਅੰਗਰੇਜ਼ੀ ਅਖਬਾਰਾਂ ਦੇ ਸਟਾਫ਼ ਰਿਪੋਰਟਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਿਹਤ ਵਿਭਾਗ ‘ਚ ਮਾਸ ਮੀਡੀਆ ਅਫ਼ਸਰ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ।

ਭਾਈ ਅੰਮ੍ਰਿਤਪਾਲ ਸਿੰਘ ਦੇ ਅਤਿ-ਨਜਦੀਕੀਆਂ ਵਿਚੋਂ ਇਕ ਭਾਈ ਰਛਪਾਲ ਸਿੰਘ ਸੋਸਣ ਬੇਹੱਦ ਮਿਲਾਪੜੇ ਸੁਭਾਅ ਅਤੇ ਨਿਮਰਤਾ ਕਰਕੇ ਵੀ ਜਾਣੇ ਜਾਂਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਵਾਂਗ ਉਹ ਮੀਡੀਆ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਤਾਂ ਰੱਖਦੇ ਹੀ ਹਨ ਜਦਕਿ ਭਾਈ ਸੋਸਣ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣ ‘ਤੇ ਕੈਨੇਡਾ ਵਿੱਚ ਪੱਕੇ ਤੌਰ ‘ਤੇ ਵੱਸਣ ਦਾ ਇਰਾਦਾ ਵੀ ਬਦਲ ਲਿਆ ਸੀ।
ਭਾਈ ਰਛਪਾਲ ਸਿੰਘ ਸੋਸਣ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਮਾਲਵੇ ‘ਚ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਤੇ ਸਿਰਫ ਇਕ ਮਹੀਨੇ ਦੀ ਮਿਹਨਤ ਤੋੰ ਬਾਅਦ ਹੀ ਫਰੀਦਕੋਟ ਦੀ ਰੈਲੀ ‘ਚ ਵੱਡਾ ਇਕੱਠ ਕਰਨ ‘ਚ ਵੀ ਕਾਮਯਾਬ ਹੋਏ ਹਨ। ਦੂਜੀਆਂ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਅਜੇ ਐਲਾਨ ਨਾ ਹੋਣ ਕਰਕੇ ਭਾਈ ਸੋਸਣ ਨੂੰ ‘ਪਹਿਲਕਦਮੀ’ ਦਾ ਫਾਇਦਾ ਵੀ ਹੋਵੇਗਾ।

Leave a Reply

Your email address will not be published. Required fields are marked *