ਝੂਠਾ ਪਰਚਾ ਲਗਾਉਣ ਦੇ ਇਲਜ਼ਾਮਾਂ ‘ਚ ਹੰਗਾਮਾ, ਮਾਂ ਮੋਬਾਈਲ ਟਾਵਰ ‘ਤੇ ਚੜ੍ਹੀ; ਸਰਦੂਲਗੜ੍ਹ ‘ਚ ਤਣਾਅਪੂਰਨ ਹਾਲਾਤ
ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਨੌਜਵਾਨ ਦੀ ਮਾਤਾ ਮੋਬਾਈਲ ਟਾਵਰ ਉੱਤੇ ਚੜ੍ਹ ਗਈ ਅਤੇ ਆਪਣੇ ਪੁੱਤਰ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ ਲੱਗੀ।

ਮਾਨਸਾ
ਬਿਊਰੋ ਰਿਪੋਰਟ
ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇਕ ਨੌਜਵਾਨ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਨ ਨੂੰ ਲੈ ਕੇ ਉਸਦਾ ਪਰਿਵਾਰ ਅਤੇ ਵਾਰਡ ਵਾਸੀਆਂ ਨੇ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਨੌਜਵਾਨ ਦੀ ਮਾਤਾ ਮੋਬਾਈਲ ਟਾਵਰ ਉੱਤੇ ਚੜ੍ਹ ਗਈ ਅਤੇ ਆਪਣੇ ਪੁੱਤਰ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ ਲੱਗੀ।
ਮਿਲੀ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਦੇ ਵਾਰਡ ਨੰਬਰ 6 ਦੇ ਰਹਿਣ ਵਾਲੇ ਗੁਰਪਿਆਰ ਸਿੰਘ ਖ਼ਿਲਾਫ਼ ਪੁਲਿਸ ਵੱਲੋਂ 30 ਗੋਲੀਆਂ ਬਰਾਮਦ ਹੋਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਥਾਣੇ ਦੇ ਬਾਹਰ ਇਕੱਠੇ ਹੋ ਕੇ ਧਰਨਾ ਲਗਾਇਆ ਅਤੇ ਪੁਲਿਸ ‘ਤੇ ਝੂਠਾ ਪਰਚਾ ਦਰਜ ਕਰਨ ਦੇ ਗੰਭੀਰ ਦੋਸ਼ ਲਗਾਏ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਲਿਸ ਨੌਜਵਾਨ ਨੂੰ ਸਵੇਰੇ ਘਰ ਤੋਂ ਲੈ ਗਈ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸ਼ਾਮ 4 ਵਜੇ ਤੱਕ ਉਸਨੂੰ ਛੱਡ ਦਿੱਤਾ ਜਾਵੇਗਾ, ਪਰ ਬਾਅਦ ਵਿੱਚ ਉਸ ‘ਤੇ ਗੋਲੀਆਂ ਪਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ। ਵਾਰਡ ਦੇ ਕੌਂਸਲਰ ਵਰਿੰਦਰ ਕੁਮਾਰ ਨੇ ਕਿਹਾ ਕਿ ਉਹ ਪੁਲਿਸ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਕਿ ਨੌਜਵਾਨ ਹੁਣ ਕਿਸੇ ਵੀ ਨਸ਼ੇ ਦੇ ਕੰਮ ਨਾਲ ਸੰਬੰਧਿਤ ਨਹੀਂ ਹੈ, ਫਿਰ ਵੀ ਉਸਨੂੰ ਤੰਗ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਨੌਜਵਾਨ ਦੀ ਮਾਂ ਨੇ ਵਿਰੋਧ ਦੇ ਤੌਰ ‘ਤੇ ਮੋਬਾਈਲ ਟਾਵਰ ‘ਤੇ ਚੜ੍ਹ ਕੇ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਅਤੇ ਆਪਣੇ ਪੁੱਤ ਨੂੰ ਬੇਗੁਨਾਹ ਦੱਸਿਆ। ਇਸ ਘਟਨਾ ਨਾਲ ਮੌਕੇ ‘ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ।
ਦੂਜੇ ਪਾਸੇ ਸਰਦੂਲਗੜ੍ਹ ਥਾਣਾ ਮੁਖੀ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਗੁਰਪਿਆਰ ਸਿੰਘ ਖ਼ਿਲਾਫ਼ ਪਹਿਲਾਂ ਵੀ 10 ਤੋਂ 12 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੇ ਅਤੇ ਚੋਰੀ ਦੇ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਮਾਮਲੇ ਵਿੱਚ ਬਰਾਮਦ ਸਮਾਨ ਦੇ ਆਧਾਰ ‘ਤੇ NDPS Act ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ।
ਫਿਲਹਾਲ ਦੇਰ ਰਾਤ ਡੀਐਸਪੀ ਸਰਦੂਲਗੜ੍ਹ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ, ਪਰ ਇਲਾਕੇ ਵਿੱਚ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
