ਮਾਛੀਵਾੜਾ ‘ਚ ਸਾਬਕਾ ਫੌਜੀ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ, ਜਥੇਦਾਰ ਵੱਲੋਂ ਸਖ਼ਤ ਚੇਤਾਵਨੀ
ਜਥੇਦਾਰ ਗੜਗੱਜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ 24 ਘੰਟਿਆਂ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਖੁਦ ਪੀੜਤ ਪਰਿਵਾਰ ਨਾਲ ਮਿਲ ਕੇ ਅਗਲਾ ਕਦਮ ਚੁੱਕਣਗੇ।

ਮਾਛੀਵਾੜਾ ਸਾਹਿਬ
ਬਿਊਰੋ ਰਿਪੋਰਟ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਵਿੱਚ ਵਾਪਰੀ ਇਕ ਗੰਭੀਰ ਘਟਨਾ ਦਾ ਨੋਟਿਸ ਲਿਆ ਹੈ, ਜਿਸ ਵਿੱਚ ਇਕ ਕਿਰਤੀ ਸਿੱਖ ਕਿਸਾਨ ਅਤੇ ਸਾਬਕਾ ਫੌਜੀ ਕੁਲਦੀਪ ਸਿੰਘ ਅਤੇ ਉਸਦੇ 16 ਸਾਲਾ ਪੁੱਤਰ ਸੁਮਨਪ੍ਰੀਤ ਸਿੰਘ ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਕਿਸਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਸੱਜੇ ਕੰਨ ਨਾਲ ਸੁਣਨ ਤੇ ਸੱਜੀ ਅੱਖ ਨਾਲ ਵੇਖਣ ਵਿੱਚ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਤੁਰੰਤ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜਥੇਦਾਰ ਗੜਗੱਜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ 24 ਘੰਟਿਆਂ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਖੁਦ ਪੀੜਤ ਪਰਿਵਾਰ ਨਾਲ ਮਿਲ ਕੇ ਅਗਲਾ ਕਦਮ ਚੁੱਕਣਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਇੱਕ ਸੇਵਾਮੁਕਤ ਫੌਜੀ ਨਾਲ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕੇਸ਼ਾਹੀ ਕਰ ਸਕਦਾ ਹੈ ਤਾਂ ਆਮ ਲੋਕਾਂ ਨਾਲ ਕੀ ਹੋ ਰਿਹਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਨ੍ਹਾਂ ਨੇ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਨਾਲ ਸੰਪਰਕ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕਿਸਾਨੀ ਕਰਦਾ ਹੈ ਅਤੇ ਆਪਣੇ ਖੇਤਾਂ ਵਿੱਚ ਉਗਾਈਆਂ ਸਬਜ਼ੀਆਂ ਨੂੰ ਟ੍ਰੈਕਟਰ ਰਾਹੀਂ ਬਜ਼ਾਰ ਵਿੱਚ ਵੇਚਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸਿਰਫ ਇਸ ਗੱਲ ‘ਤੇ ਉਸ ਨੌਜਵਾਨ ਨੂੰ ਕੁੱਟਿਆ ਕਿ ਉਸਨੇ ਆਪਣੀ ਟਰਾਲੀ ਹਟਾਉਣ ਆਏ ਕਰਮਚਾਰੀਆਂ ਨੂੰ ਪੁੱਛਿਆ ਸੀ ਕਿ ਜਦੋਂ ਹੋਰ ਰੇਹੜੀਆਂ ਵੀ ਲੱਗੀਆਂ ਹਨ ਤਾਂ ਉਸਦੇ ਟ੍ਰੈਕਟਰ ਨਾਲ ਕੀ ਸਮੱਸਿਆ ਹੈ। ਇਸ ਗੱਲ ‘ਤੇ ਗੁੱਸੇ ਵਿੱਚ ਆਏ ਕਰਮਚਾਰੀਆਂ ਨੇ ਪਹਿਲਾਂ ਉਸਦਾ ਸਮਾਨ ਚੁੱਕ ਲਿਆ ਅਤੇ ਬਾਅਦ ਵਿੱਚ ਵਾਪਸ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਕਰਮਚਾਰੀਆਂ ਨੇ ਗੁੰਡਾਗਰਦੀ ਕਰਦਿਆਂ ਕਿਸਾਨ ਅਤੇ ਉਸਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਸਿੱਖ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਦੇ ਵੀ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਵਿੱਚ ਪੈਸਿਆਂ ਦੇ ਬਦਲੇ ਬਾਹਰਲੇ ਲੋਕਾਂ ਨੂੰ ਰੇਹੜੀਆਂ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ, ਜਦਕਿ ਸਥਾਨਕ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੁੰਡਾ ਅਨਸਰਾਂ ‘ਤੇ ਤੁਰੰਤ ਰੋਕ ਲਾਈ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
