ਰਾਜ ਸਭਾ ਦੇ 8 ਨਵੇਂ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਤਰੁਣ ਚੁੱਘ ਤੇ ਖੜਗੇ ਸਮੇਤ ਇਨ੍ਹਾਂ ਆਗੂਆਂ ਨੇ ਸੰਭਾਲਿਆ ਅਹੁਦਾ

ਰਾਜ ਸਭਾ ਦੇ 8 ਨਵੇਂ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਤਰੁਣ ਚੁੱਘ ਤੇ ਖੜਗੇ ਸਮੇਤ ਇਨ੍ਹਾਂ ਆਗੂਆਂ ਨੇ ਸੰਭਾਲਿਆ ਅਹੁਦਾ

ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਅੱਠ ਰਾਜ ਸਭਾ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ।

ਦਿੱਲੀ

ਬਿਊਰੋ ਰਿਪੋਰਟ

ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਅੱਠ ਰਾਜ ਸਭਾ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ। ਸਹੁੰ ਚੁੱਕਣ ਵਾਲਿਆਂ ਵਿੱਚ ਮਾਨਸਿੰਘ ਮੇਰਮਨ ਪਰਮਾਰ, ਤਰੁਣ ਚੁੱਘ, ਡਾ. ਅਲਕਾ ਸਿੰਘ, ਜਤਿੰਦਰ ਮੇਘਜੀਭਾਈ ਕੰਜਾਰੀਆ, ਰਾਜੇਂਦਰ ਹੀਰਾਲਾਲ ਜੈਨ, ਐੱਮ. ਨਾਗਰਾਜਾ, ਅਧਿਕਾਰਿਮਾਯੁਮ ਸ਼ਾਰਦਾ ਦੇਵੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਰਹੇ।

ਰਾਜ ਸਭਾ ਲਈ ਚੁਣੇ ਗਏ ਇਨ੍ਹਾਂ ਅੱਠ ਮੈਂਬਰਾਂ ਨੇ ਉੱਚ ਸਦਨ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਸਹੁੰ ਚੁੱਕੀ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਮੌਕੇ ਖ਼ਾਸ ਚਰਚਾ ਦਾ ਕੇਂਦਰ ਰਹੇ। ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਾਰੇ ਮੈਂਬਰਾਂ ਨੂੰ ਸਹੁੰ ਚੁਕਵਾਈ। ਮਲਿਕਾਰਜੁਨ ਖੜਗੇ ਨੇ ਚੇਅਰਮੈਨ ਦੇ ਚੈਂਬਰ ਵਿੱਚ ਵੱਖਰੇ ਤੌਰ ‘ਤੇ ਸਹੁੰ ਲਈ, ਜਦਕਿ ਬਾਕੀ ਸੱਤ ਮੈਂਬਰਾਂ ਨੇ ਰਾਜ ਸਭਾ ਦੇ ਸਦਨ ਵਿੱਚ ਅਹੁਦੇ ਦੀ ਸਹੁੰ ਚੁੱਕੀ।

ਚੁੱਘ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਵੀ ਲਈ ਸਹੁੰ

ਤਰੁਣ ਚੁੱਘ ਅਤੇ ਮਲਿਕਾਰਜੁਨ ਖੜਗੇ ਤੋਂ ਇਲਾਵਾ ਜਿਨ੍ਹਾਂ ਛੇ ਹੋਰ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ, ਉਨ੍ਹਾਂ ਵਿੱਚ ਗੁਜਰਾਤ ਤੋਂ ਜਤਿੰਦਰ ਮੇਘਜੀਭਾਈ ਕੰਜਾਰੀਆ ਅਤੇ ਮਾਨਸਿੰਘ ਮੇਰਮਨ ਪਰਮਾਰ, ਕਰਨਾਟਕ ਤੋਂ ਐੱਮ. ਨਾਗਰਾਜਾ, ਮਹਾਰਾਸ਼ਟਰ ਤੋਂ ਰਾਜੇਂਦਰ ਹੀਰਾਲਾਲ ਜੈਨ, ਮਣੀਪੁਰ ਤੋਂ ਅਧਿਕਾਰਿਮਾਯੁਮ ਸ਼ਾਰਦਾ ਦੇਵੀ ਅਤੇ ਰਾਜਸਥਾਨ ਤੋਂ ਡਾ. ਅਲਕਾ ਸਿੰਘ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਦੌਰਾਨ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼, ਸਦਨ ਦੇ ਨੇਤਾ ਜੇ.ਪੀ. ਨੱਢਾ, ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਰਹੇ। ਉਹ ਚੇਅਰਮੈਨ ਦੇ ਚੈਂਬਰ ਅਤੇ ਸਦਨ ਦੋਵੇਂ ਥਾਵਾਂ ‘ਤੇ ਹਾਜ਼ਰ ਰਹੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਹੱਥ ਵਿੱਚ ਭਾਰਤ ਦੇ ਸੰਵਿਧਾਨ ਦੀ ਕਾਪੀ ਫੜ ਕੇ ਹਿੰਦੀ ਵਿੱਚ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਾਰੇ ਨਵੇਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਉੱਚ ਸਦਨ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *