CBSE ਦੀ ਤਿੰਨ-ਭਾਸ਼ਾ ਨੀਤੀ 2026-27 ਤੋਂ ਲਾਗੂ, ਜਾਣੋ ਕਿਨ੍ਹਾਂ ਲਈ ਤੀਜੀ ਭਾਸ਼ਾ ਲਾਜ਼ਮੀ ਅਤੇ ਕੌਣ ਰਹੇਗਾ ਛੋਟ ਦੇ ਦਾਇਰੇ ‘ਚ

CBSE ਦੀ ਤਿੰਨ-ਭਾਸ਼ਾ ਨੀਤੀ 2026-27 ਤੋਂ ਲਾਗੂ, ਜਾਣੋ ਕਿਨ੍ਹਾਂ ਲਈ ਤੀਜੀ ਭਾਸ਼ਾ ਲਾਜ਼ਮੀ ਅਤੇ ਕੌਣ ਰਹੇਗਾ ਛੋਟ ਦੇ ਦਾਇਰੇ ‘ਚ

ਇਸ ਦਾ ਮਕਸਦ ਵਿਦਿਆਰਥੀਆਂ ਵਿੱਚ ਭਾਰਤੀ ਭਾਸ਼ਾਵਾਂ ਪ੍ਰਤੀ ਰੁਚੀ ਵਧਾਉਣਾ, ਬਹੁ-ਭਾਸ਼ਾਈ ਸਮਰੱਥਾ ਵਿਕਸਿਤ ਕਰਨਾ ਅਤੇ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।

ਦਿੱਲੀ

ਬਿਊਰੋ ਰਿਪੋਰਟ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਰਾਸ਼ਟਰੀ ਸਿੱਖਿਆ ਨੀਤੀ (NEP) 2020 ਤਹਿਤ 2026-27 ਅਕਾਦਮਿਕ ਸੈਸ਼ਨ ਤੋਂ ਤਿੰਨ-ਭਾਸ਼ਾ ਨੀਤੀ ਲਾਗੂ ਕਰਨ ਲਈ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਨਵੀਂ ਵਿਵਸਥਾ ਨਾਲ ਸਕੂਲਾਂ ਵਿੱਚ ਭਾਸ਼ਾ ਸਿੱਖਿਆ ਦੇ ਢਾਂਚੇ ਵਿੱਚ ਅਹਿਮ ਬਦਲਾਅ ਹੋਣਗੇ। ਬੋਰਡ ਦਾ ਕਹਿਣਾ ਹੈ ਕਿ ਇਸ ਪ੍ਰਣਾਲੀ ਨਾਲ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ‘ਤੇ ਨਕਾਰਾਤਮਕ ਅਸਰ ਨਹੀਂ ਪਵੇਗਾ ਅਤੇ ਜਿੱਥੇ ਲੋੜ ਹੋਵੇਗੀ ਉੱਥੇ ਵਿਸ਼ੇਸ਼ ਛੋਟ ਅਤੇ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਵੱਖ-ਵੱਖ ਜਮਾਤਾਂ ਲਈ ਵੱਖਰੇ ਨਿਯਮ ਬਣਾਏ ਗਏ ਹਨ ਤਾਂ ਜੋ ਨੀਤੀ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਦਾ ਮਕਸਦ ਵਿਦਿਆਰਥੀਆਂ ਵਿੱਚ ਭਾਰਤੀ ਭਾਸ਼ਾਵਾਂ ਪ੍ਰਤੀ ਰੁਚੀ ਵਧਾਉਣਾ, ਬਹੁ-ਭਾਸ਼ਾਈ ਸਮਰੱਥਾ ਵਿਕਸਿਤ ਕਰਨਾ ਅਤੇ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।

ਨਵੇਂ ਨਿਯਮਾਂ ਅਨੁਸਾਰ ਹਰ ਵਿਦਿਆਰਥੀ ਨੂੰ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਲਾਜ਼ਮੀ ਹਨ। ਤੀਜੀ ਭਾਸ਼ਾ ਭਾਰਤੀ ਜਾਂ ਵਿਦੇਸ਼ੀ ਹੋ ਸਕਦੀ ਹੈ, ਪਰ ਇਹ ਵਿਕਲਪ ਉਦੋਂ ਹੀ ਮਿਲੇਗਾ ਜੇ ਪਹਿਲੀਆਂ ਦੋ ਭਾਸ਼ਾਵਾਂ ਭਾਰਤੀ ਹੋਣ।

ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

2026-27 ਅਕਾਦਮਿਕ ਸੈਸ਼ਨ ਵਿੱਚ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ‘ਤੇ ਇਹ ਨਵੀਂ ਨੀਤੀ ਲਾਗੂ ਨਹੀਂ ਹੋਵੇਗੀ। ਉਹ ਪਹਿਲਾਂ ਵਾਂਗ ਸਿਰਫ਼ ਦੋ ਭਾਸ਼ਾਵਾਂ ਨਾਲ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ ਅਤੇ ਉਨ੍ਹਾਂ ਲਈ ਤੀਜੀ ਭਾਸ਼ਾ ਪੜ੍ਹਨਾ ਲਾਜ਼ਮੀ ਨਹੀਂ ਹੋਵੇਗਾ।

9ਵੀਂ ਜਮਾਤ ਲਈ ਲਾਗੂ ਹੋਣਗੇ ਨਵੇਂ ਨਿਯਮ

2026-27 ਸੈਸ਼ਨ ਵਿੱਚ 9ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਪੜ੍ਹਨੀਆਂ ਪੈਣਗੀਆਂ। ਜੇਕਰ ਕੋਈ ਵਿਦਿਆਰਥੀ ਪਹਿਲਾਂ ਹੀ ਦੋ ਭਾਰਤੀ ਭਾਸ਼ਾਵਾਂ ਦਾ ਅਧਿਐਨ ਕਰ ਰਿਹਾ ਹੈ ਤਾਂ ਉਹ ਅੰਗਰੇਜ਼ੀ, ਫਰੈਂਚ ਜਾਂ ਕੋਈ ਹੋਰ ਵਿਦੇਸ਼ੀ ਭਾਸ਼ਾ ਤੀਜੀ ਭਾਸ਼ਾ ਵਜੋਂ ਚੁਣ ਸਕਦਾ ਹੈ। ਪਰ ਜੇਕਰ ਉਹ ਇੱਕ ਭਾਰਤੀ ਅਤੇ ਇੱਕ ਵਿਦੇਸ਼ੀ ਭਾਸ਼ਾ ਪੜ੍ਹ ਰਿਹਾ ਹੈ ਤਾਂ ਉਸ ਲਈ ਇੱਕ ਹੋਰ ਭਾਰਤੀ ਭਾਸ਼ਾ ਲੈਣੀ ਲਾਜ਼ਮੀ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਦੋ ਵਿਦੇਸ਼ੀ ਭਾਸ਼ਾਵਾਂ ਚੁਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ, ਪਰ ਇੱਕ ਭਾਰਤੀ ਭਾਸ਼ਾ ਸ਼ਾਮਲ ਕਰਨੀ ਪਵੇਗੀ।

ਤੀਜੀ ਭਾਸ਼ਾ ਦੀ ਪ੍ਰੀਖਿਆ ਦਾ ਕੀ ਹੋਵੇਗਾ ਪ੍ਰਬੰਧ?

9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਦਾ ਮੁਲਾਂਕਣ ਸਿਰਫ਼ ਸਕੂਲ ਪੱਧਰ ‘ਤੇ ਕੀਤਾ ਜਾਵੇਗਾ। ਜਦੋਂ ਇਹ ਵਿਦਿਆਰਥੀ 2027-28 ਵਿੱਚ 10ਵੀਂ ਜਮਾਤ ਵਿੱਚ ਪਹੁੰਚਣਗੇ ਤਾਂ ਵੀ ਇਸ ਵਿਸ਼ੇ ਦੀ ਕੋਈ CBSE ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਇਸ ਭਾਸ਼ਾ ਲਈ ਲੋੜੀਂਦੀ ਪਾਠ ਸਮੱਗਰੀ CBSE ਅਤੇ NCERT ਵੱਲੋਂ ਉਪਲਬਧ ਕਰਵਾਈ ਜਾਵੇਗੀ।

6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੀ ਬਦਲੇਗਾ?

2026-27 ਅਕਾਦਮਿਕ ਸੈਸ਼ਨ ਵਿੱਚ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਜਦੋਂ ਅੱਗੇ ਚੱਲ ਕੇ 9ਵੀਂ ਅਤੇ 10ਵੀਂ ਵਿੱਚ ਪਹੁੰਚਣਗੇ ਤਾਂ ਉਨ੍ਹਾਂ ਲਈ ਵੀ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੇ ਦੋ ਵਿਦੇਸ਼ੀ ਭਾਸ਼ਾਵਾਂ ਦੀ ਚੋਣ ਕੀਤੀ ਹੈ ਤਾਂ ਉਸ ਨੂੰ ਇੱਕ ਵਾਧੂ ਭਾਰਤੀ ਭਾਸ਼ਾ ਵੀ ਪੜ੍ਹਨੀ ਪਵੇਗੀ। ਇਸ ਭਾਸ਼ਾ ਦਾ ਮੁਲਾਂਕਣ ਸਕੂਲ ਹੀ ਕਰੇਗਾ ਅਤੇ 10ਵੀਂ ਜਮਾਤ ਵਿੱਚ ਇਸ ਲਈ ਕੋਈ ਬੋਰਡ ਪ੍ਰੀਖਿਆ ਨਹੀਂ ਹੋਵੇਗੀ।

2026-27 ਸੈਸ਼ਨ ਵਿੱਚ 6ਵੀਂ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਭਵਿੱਖ ਵਿੱਚ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਲਈ 22 ਨਿਰਧਾਰਤ ਭਾਰਤੀ ਭਾਸ਼ਾਵਾਂ ਵਿੱਚ ਪਾਠ ਪੁਸਤਕਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।

ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਵਿਸ਼ੇਸ਼ ਛੋਟ

CBSE ਨੇ RPwD ਐਕਟ-2016 ਤਹਿਤ ਦਿਵਿਆਂਗ ਵਿਦਿਆਰਥੀਆਂ (CwSN) ਨੂੰ ਲੋੜੀਂਦੀਆਂ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਥਿਤ CBSE ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਵਿਦੇਸ਼ ਤੋਂ ਭਾਰਤ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਤੀਜੀ ਭਾਰਤੀ ਭਾਸ਼ਾ ਪੜ੍ਹਨ ਤੋਂ ਛੋਟ ਦਿੱਤੀ ਜਾਵੇਗੀ। ਜੇਕਰ ਕਿਸੇ ਵਿਦਿਆਰਥੀ ਦੇ ਮਾਪਿਆਂ ਦਾ ਤਬਾਦਲਾ ਕਿਸੇ ਹੋਰ ਰਾਜ ਵਿੱਚ ਹੋ ਜਾਂਦਾ ਹੈ ਤਾਂ ਉਹ ਪਹਿਲਾਂ ਚੁਣੀ ਗਈ ਭਾਸ਼ਾ ਪ੍ਰਣਾਲੀ ਨੂੰ ਜਾਰੀ ਰੱਖ ਸਕਣਗੇ।

ਅਧਿਆਪਕਾਂ ਲਈ ਵੀ ਕੀਤੇ ਜਾਣਗੇ ਖਾਸ ਪ੍ਰਬੰਧ

ਨਵੀਂ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ CBSE ਨੇ ਸਕੂਲਾਂ ਨੂੰ ਯੋਗ ਅਧਿਆਪਕਾਂ ਦੀ ਨਿਯੁਕਤੀ, ਸੇਵਾਮੁਕਤ ਅਧਿਆਪਕਾਂ ਦੀਆਂ ਸੇਵਾਵਾਂ, ਪੋਸਟ ਗ੍ਰੈਜੂਏਟ ਅਧਿਆਪਕਾਂ ਦੀ ਮਦਦ, ਸਹੋਦਿਆ ਕਲੱਸਟਰਾਂ ਦੇ ਸਹਿਯੋਗ ਅਤੇ ਆਨਲਾਈਨ ਤੇ ਹਾਈਬ੍ਰਿਡ ਸਿੱਖਿਆ ਪ੍ਰਣਾਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਨੀਤੀ ਦਾ ਮਕਸਦ ਵਿਦਿਆਰਥੀਆਂ ‘ਤੇ ਵਾਧੂ ਪ੍ਰੀਖਿਆਵਾਂ ਦਾ ਬੋਝ ਵਧਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਭਾਰਤੀ ਭਾਸ਼ਾਵਾਂ ਨਾਲ ਜੋੜਦੇ ਹੋਏ ਬਹੁ-ਭਾਸ਼ਾਈ ਅਤੇ ਸੰਪੂਰਨ ਸਿੱਖਿਆ ਮੁਹੱਈਆ ਕਰਵਾਉਣਾ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *