ਬੰਗਾਲ ‘ਚ ਸਿਆਸੀ ਹਲਚਲ: ਮਮਤਾ ਬੈਨਰਜੀ ਦਾ ਅਸਤੀਫ਼ੇ ਤੋਂ ਇਨਕਾਰ, ਕਿਹਾ- ‘ਇਹ ਸਾਜ਼ਿਸ਼ ਦਾ ਨਤੀਜਾ’

ਬੰਗਾਲ ‘ਚ ਸਿਆਸੀ ਹਲਚਲ: ਮਮਤਾ ਬੈਨਰਜੀ ਦਾ ਅਸਤੀਫ਼ੇ ਤੋਂ ਇਨਕਾਰ, ਕਿਹਾ- ‘ਇਹ ਸਾਜ਼ਿਸ਼ ਦਾ ਨਤੀਜਾ’

ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ ਦੇ ਅਸਲੀ ਜਨਾਦੇਸ਼ ਦੀ ਪਰਛਾਂਵੀ ਨਹੀਂ ਹਨ, ਸਗੋਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ

ਕੋਲਕਾਤਾ

ਬਿਊਰੋ ਰਿਪੋਰਟ

ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ ਦੇ ਅਸਲੀ ਜਨਾਦੇਸ਼ ਦੀ ਪਰਛਾਂਵੀ ਨਹੀਂ ਹਨ, ਸਗੋਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਬੈਨਰਜੀ ਨੇ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਟੀਐੱਮਸੀ ਦਾ ਮੁਕਾਬਲਾ ਭਾਜਪਾ ਨਾਲ ਨਹੀਂ, ਬਲਕਿ ਚੋਣ ਕਮਿਸ਼ਨ ਨਾਲ ਸੀ, ਜਿਸ ਨੇ ‘ਭਾਜਪਾ ਦੇ ਹੱਕ ‘ਚ ਕੰਮ ਕੀਤਾ’। ਉਨ੍ਹਾਂ ਕਿਹਾ, “ਮੇਰੇ ਅਸਤੀਫ਼ੇ ਦਾ ਸਵਾਲ ਹੀ ਨਹੀਂ ਉਠਦਾ, ਕਿਉਂਕਿ ਅਸੀਂ ਲੋਕਾਂ ਦੇ ਫ਼ੈਸਲੇ ਨਾਲ ਨਹੀਂ, ਸਾਜ਼ਿਸ਼ ਕਰਕੇ ਹਾਰੇ ਹਾਂ… ਮੈਂ ਹਾਰੀ ਨਹੀਂ ਹਾਂ ਅਤੇ ਮੈਂ ਲੋਕ ਭਵਨ ਨਹੀਂ ਜਾਵਾਂਗੀ। ਉਹ ਸੰਵਿਧਾਨਕ ਨਿਯਮਾਂ ਅਨੁਸਾਰ ਕਾਰਵਾਈ ਕਰ ਸਕਦੇ ਹਨ।”

ਬੈਨਰਜੀ ਨੇ ਵੋਟਾਂ ਦੀ ਗਿਣਤੀ ਪ੍ਰਕਿਰਿਆ ਵਿੱਚ ਵੀ ਵੱਡੇ ਪੱਧਰ ‘ਤੇ ਗੜਬੜੀਆਂ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਲਗਭਗ 100 ਸੀਟਾਂ ‘ਤੇ ਜਨਾਦੇਸ਼ ਨੂੰ ‘ਲੁੱਟ ਲਿਆ ਗਿਆ’ ਅਤੇ ਪਾਰਟੀ ਦਾ ਮਨੋਬਲ ਤੋੜਨ ਲਈ ਗਿਣਤੀ ਜਾਣਬੁੱਝ ਕੇ ਹੌਲੀ ਕੀਤੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਇਤਿਹਾਸ ਵਿੱਚ ਇੱਕ ਕਾਲਾ ਅਧਿਆਇ ਦਰਜ ਕੀਤਾ ਗਿਆ ਹੈ।”

ਟੀਐੱਮਸੀ ਮੁਖੀ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਲੋਕਾਂ ਦੇ ਲੋਕਤੰਤਰਕ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਵੀ ਲਗਾਏ। ਇਸ ਦੇ ਨਾਲ ਹੀ ਉਨ੍ਹਾਂ 10 ਮੈਂਬਰਾਂ ਦੀ ਇੱਕ ਫੈਕਟ-ਫਾਈਂਡਿੰਗ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜੋ ਚੋਣਾਂ ਤੋਂ ਬਾਅਦ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਕੀਕਤੀ ਸਥਿਤੀ ਦੀ ਜਾਂਚ ਕਰੇਗੀ। ਉਨ੍ਹਾਂ 2021 ਦੀਆਂ ਚੋਣਾਂ ਮਗਰੋਂ ਹੋਈ ਹਿੰਸਾ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ। ਦੱਸਣਯੋਗ ਹੈ ਕਿ ਭਾਜਪਾ ਨੇ 294 ਮੈਂਬਰੀ ਵਿਧਾਨ ਸਭਾ ਵਿੱਚ 207 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਰਾਜ ਵਿੱਚ ਟੀਐੱਮਸੀ ਦਾ ਲਗਭਗ 15 ਸਾਲ ਪੁਰਾਣਾ ਸ਼ਾਸਨ ਖਤਮ ਹੋ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *