ਭੂਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਵਧਿਆ ਵਿਵਾਦ, ਸੜਕਾਂ ‘ਤੇ ਲੱਗੇ ਵਿਰੋਧੀ ਪੋਸਟਰ
ਮੁਕਤਸਰ ਵਿੱਚ ਲੱਗੇ ਪੋਸਟਰਾਂ ਵਿੱਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਸ਼ਾਸਨ ਦੇ ਇੱਕ ਅਧਿਕਾਰੀ ਦੀ ਵਰਦੀ ਵਿੱਚ ਦਰਸਾਇਆ ਗਿਆ ਹੈ ਅਤੇ ਹੇਠਾਂ ‘Go Back Baghel’ ਲਿਖਿਆ ਗਿਆ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਹੁਣ ਖੁੱਲ੍ਹ ਕੇ ਸੜਕਾਂ ਤੱਕ ਪਹੁੰਚ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਮੁਕਤਸਰ ਅਤੇ ਬਠਿੰਡਾ ਦੌਰੇ ਤੋਂ ਪਹਿਲਾਂ ਸ਼ਹਿਰ ਵਿੱਚ ਉਨ੍ਹਾਂ ਦੇ ਵਿਰੋਧ ਵਿੱਚ ਪੋਸਟਰ ਅਤੇ ਵੱਡੇ ਫਲੈਕਸ ਲਗਾਏ ਗਏ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾ ਰਹੀ ਹੈ, ਪਰ ਇਸ ਦੌਰਾਨ ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ।
‘Go Back Baghel’ ਦੇ ਪੋਸਟਰ ਬਣੇ ਚਰਚਾ ਦਾ ਵਿਸ਼ਾ
ਮੁਕਤਸਰ ਵਿੱਚ ਲੱਗੇ ਪੋਸਟਰਾਂ ਵਿੱਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਸ਼ਾਸਨ ਦੇ ਇੱਕ ਅਧਿਕਾਰੀ ਦੀ ਵਰਦੀ ਵਿੱਚ ਦਰਸਾਇਆ ਗਿਆ ਹੈ ਅਤੇ ਹੇਠਾਂ ‘Go Back Baghel’ ਲਿਖਿਆ ਗਿਆ ਹੈ। ਇਹ ਪੋਸਟਰ ਆਜ਼ਾਦੀ ਅੰਦੋਲਨ ਦੌਰਾਨ ਚੱਲੇ ‘Simon Go Back’ ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਹਨ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੀ ਕਈ ਪੋਸਟਰ ਲਗਾਏ ਗਏ ਹਨ। ਇੱਕ ਪੋਸਟਰ ‘ਤੇ ‘ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ’ ਦਾ ਨਾਅਰਾ ਲਿਖਿਆ ਗਿਆ ਹੈ, ਜਦਕਿ ਦੂਜੇ ਪੋਸਟਰ ਵਿੱਚ ‘ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ’ ਲਿਖਿਆ ਹੋਇਆ ਹੈ।
‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੌਰਾਨ ਉੱਭਰਿਆ ਵਿਰੋਧ
ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵੱਲੋਂ ਸੂਬੇ ਭਰ ਵਿੱਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਅੱਜ ਬਠਿੰਡਾ ਅਤੇ ਮੁਕਤਸਰ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਹੋਣੀਆਂ ਹਨ, ਪਰ ਦੌਰੇ ਤੋਂ ਪਹਿਲਾਂ ਲੱਗੇ ਇਹ ਪੋਸਟਰ ਪਾਰਟੀ ਦੇ ਅੰਦਰੂਨੀ ਮਤਭੇਦਾਂ ਨੂੰ ਹੋਰ ਸਪੱਸ਼ਟ ਕਰ ਰਹੇ ਹਨ।
ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਧੜੇਬੰਦੀ ਦਾ ਮਾਮਲਾ
ਇਸ ਤੋਂ ਪਹਿਲਾਂ ਬਰਨਾਲਾ ਵਿੱਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਮੀਟਿੰਗ ਦੌਰਾਨ ਵੀ ਕਾਂਗਰਸ ਦੀ ਗੁੱਟਬੰਦੀ ਖੁੱਲ੍ਹ ਕੇ ਸਾਹਮਣੇ ਆਈ ਸੀ। ਮੀਟਿੰਗ ਸ਼ੁਰੂ ਹੁੰਦਿਆਂ ਹੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ‘ਚੰਨੀ ਜ਼ਿੰਦਾਬਾਦ’ ਅਤੇ ‘ਚੰਨੀ ਲਿਆਓ, ਕਾਂਗਰਸ ਬਚਾਓ’ ਦੇ ਨਾਅਰੇ ਲਗਾਏ, ਜਿਸ ਨਾਲ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ ਸੀ।
ਸੰਗਰੂਰ ਅਤੇ ਪਟਿਆਲਾ ਵਿੱਚ ਵੀ ਹੋ ਚੁੱਕਾ ਹੈ ਵਿਵਾਦ
ਇਸ ਤੋਂ ਪਹਿਲਾਂ ਸੰਗਰੂਰ ਅਤੇ ਪਟਿਆਲਾ ਵਿੱਚ ਹੋਏ ਕਾਂਗਰਸੀ ਪ੍ਰੋਗਰਾਮਾਂ ਦੌਰਾਨ ਵੀ ਚੰਨੀ ਅਤੇ ਰਾਜਾ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ ਆ ਗਏ ਸਨ। ਪਟਿਆਲਾ ਵਿੱਚ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਸੀ, ਜਦਕਿ ਸੰਗਰੂਰ ਵਿੱਚ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
