3 ਘੰਟਿਆਂ ਵਿੱਚ ਦੋ ਧਮਾਕੇ: ਜਲੰਧਰ–ਅੰਮ੍ਰਿਤਸਰ ‘ਚ ਦਹਿਸ਼ਤ ਦਾ ਮਾਹੌਲ, ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ?

3 ਘੰਟਿਆਂ ਵਿੱਚ ਦੋ ਧਮਾਕੇ: ਜਲੰਧਰ–ਅੰਮ੍ਰਿਤਸਰ ‘ਚ ਦਹਿਸ਼ਤ ਦਾ ਮਾਹੌਲ, ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ?

ਇਸ ਪੂਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡ ਹੋਈ ਹੈ, ਜਿਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਪੰਜਾਬ ਵਿੱਚ ਅਮਨ ਭੰਗ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ।

ਸ੍ਰੀ ਅਮ੍ਰਿਤਸਰ ਸਾਹਿਬ

ਬਿਊਰੋ ਰਿਪੋਰਟ

ਦੇਰ ਰਾਤ ਕੁਝ ਹੀ ਘੰਟਿਆਂ ਦੇ ਅੰਦਰ ਵਾਪਰੇ ਦੋ ਭਿਆਨਕ ਧਮਾਕਿਆਂ ਨੇ ਪੰਜਾਬ ਦਾ ਮਾਹੌਲ ਹਿਲਾ ਦਿੱਤਾ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਈਆਂ ਇਨ੍ਹਾਂ ਸ਼ੱਕੀ ਘਟਨਾਵਾਂ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਅੰਮ੍ਰਿਤਸਰ ਵਿੱਚ ਖਾਸਾ ਆਰਮੀ ਛਾਉਣੀ ਦੇ ਬਾਹਰ ਦੇਰ ਰਾਤ ਧਮਾਕਾ ਦਰਜ ਕੀਤਾ ਗਿਆ, ਜਦਕਿ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਕੋਲ ਇੱਕ ਸਕੂਟੀ ਵਿੱਚ ਧਮਾਕਾ ਹੋਣ ਨਾਲ ਅੱਗ ਲੱਗ ਗਈ। ਇਸ ਪੂਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡ ਹੋਈ ਹੈ, ਜਿਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਪੰਜਾਬ ਵਿੱਚ ਅਮਨ ਭੰਗ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ।

ਕੁਝ ਘੰਟਿਆਂ ਦੇ ਅੰਦਰ ਦੋ ਵੱਡੇ ਧਮਾਕੇ
ਮਿਲੀ ਜਾਣਕਾਰੀ ਮੁਤਾਬਕ, ਜਲੰਧਰ ਵਿੱਚ ਇਹ ਧਮਾਕਾ ਸ਼ਾਮ ਲਗਭਗ 7 ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦਕਿ ਅੰਮ੍ਰਿਤਸਰ ਵਿੱਚ ਇਹ ਵਾਕਿਆ ਦੇਰ ਰਾਤ ਵਾਪਰਿਆ। ਅੰਮ੍ਰਿਤਸਰ ਦੇ ਖਾਸਾ ਆਰਮੀ ਖੇਤਰ ਦੀ ਬਾਊਂਡਰੀ ਵਾਲ ‘ਤੇ ਹੋਏ ਧਮਾਕੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਹਰੋਂ ਵਿਸਫੋਟਕ ਵਸਤੂ ਅੰਦਰ ਸੁੱਟੀ ਗਈ ਸੀ। ਹਾਲਾਂਕਿ, ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਫੋਰੈਂਸਿਕ ਜਾਂਚ ਦੌਰਾਨ ਟੀਮਾਂ ਨੂੰ ਕੰਧ ਦੇ ਨੇੜੇ ਲੋਹੇ ਵਰਗੀ ਇੱਕ ਵਸਤੂ ਮਿਲੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਬਾਹਰੋਂ ਵਿਸਫੋਟਕ ਸੁੱਟਿਆ ਸੀ। ਜਾਣਕਾਰੀ ਅਨੁਸਾਰ, ਮੋਟਰਸਾਈਕਲ ‘ਤੇ ਸਵਾਰ ਨਕਾਬਪੋਸ਼ ਲੋਕ ਧਮਾਕਾ ਕਰਨ ਤੋਂ ਬਾਅਦ ਤੁਰੰਤ ਮੌਕੇ ਤੋਂ ਭੱਜ ਗਏ।

ਧਮਾਕੇ ਦੀ ਤੀਬਰਤਾ ਇੰਨੀ ਸੀ ਕਿ ਨੇੜੇ ਲੱਗੇ ਟੀਨ ਦੇ ਸ਼ੈੱਡ ਨੁਕਸਾਨੀ ਹੋ ਗਏ ਅਤੇ ਕੰਧ ਨੂੰ ਵੀ ਹਲਕਾ ਨੁਕਸਾਨ ਪਹੁੰਚਿਆ। ਆਵਾਜ਼ ਸੁਣਦੇ ਹੀ ਫੌਜ ਅਤੇ ਪੁਲਿਸ ਦੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਗ੍ਰਨੇਡ ਵਰਗੇ ਹਥਿਆਰ ਦੀ ਵਰਤੋਂ ਹੋ ਸਕਦੀ ਹੈ। ਇਲਾਕੇ ਵਿੱਚ ਸਰਚ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇਹ ਸਥਾਨ ਬੀਐਸਐਫ ਖਾਸਾ ਕੈਂਪ ਦੇ ਨੇੜੇ ਸਥਿਤ ਹੈ, ਜੋ ਆਰਮੀ ਖੇਤਰ ਤੋਂ ਕੁਝ ਦੂਰੀ ‘ਤੇ ਹੈ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਦੋਹਾਂ ਧਮਾਕਿਆਂ ਵਿੱਚ ਆਈਈਡੀ ਵਰਤੋਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਜਲੰਧਰ ਵਿੱਚ ਸਕੂਟੀ ‘ਚ ਧਮਾਕਾ
ਜਲੰਧਰ ਦੇ ਬੀਐਸਐਫ ਚੌਕ ਦੇ ਨੇੜੇ ਇੱਕ ਐਕਟਿਵਾ ਸਕੂਟੀ ਵਿੱਚ ਧਮਾਕਾ ਹੋਇਆ, ਜਿਸ ਨਾਲ ਵਾਹਨ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਧਮਾਕੇ ਦੇ ਅਸਲ ਕਾਰਣ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ ਅਤੇ ਜਾਂਚ ਜਾਰੀ ਹੈ।

ਸਕੂਟੀ ਚਾਲਕ ਪੁਲਿਸ ਦੀ ਹਿਰਾਸਤ ਵਿੱਚ
ਇਸ ਘਟਨਾ ਵਿੱਚ ਕਿਸੇ ਦੇ ਜਖਮੀ ਹੋਣ ਦੀ ਖ਼ਬਰ ਨਹੀਂ ਮਿਲੀ, ਪਰ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਬੀਐਸਐਫ ਪੰਜਾਬ ਫਰੰਟੀਅਰ ਦਾ ਦਫ਼ਤਰ ਵੀ ਇਸ ਸਥਾਨ ਤੋਂ ਕੁਝ ਹੀ ਦੂਰੀ ‘ਤੇ ਹੈ। ਪੁਲਿਸ ਨੇ ਸਕੂਟੀ ਚਲਾਉਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਫੋਰੈਂਸਿਕ ਟੀਮ ਵੱਲੋਂ ਜਾਂਚ ਜਾਰੀ
ਜਲੰਧਰ ਪੁਲਿਸ ਅਨੁਸਾਰ ਮਾਮਲੇ ਦੇ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਣਾਂ ਦਾ ਖੁਲਾਸਾ ਹੋ ਸਕੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *