ਬਿਜਲੀ ਨਿਗਮ ਵਿੱਚ ਵਧਿਆ ਤਣਾਅ, ਪੰਜਾਬ ਭਰ ਦੇ ਮੀਟਰ ਮੁਲਾਜ਼ਮਾਂ ਨੇ ਅਣਮਿੱਥੀ ਹੜਤਾਲ ਦਾ ਕੀਤਾ ਐਲਾਨ
ਇਸ ਹੜਤਾਲ ਕਾਰਨ ਬਿਜਲੀ ਨਿਗਮ ਦਾ ਬਿਲਿੰਗ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ, ਜਿਸ ਦਾ ਸਿੱਧਾ ਅਸਰ ਕਰੋੜਾਂ ਰੁਪਏ ਦੀ ਬਿਲਿੰਗ ਅਤੇ ਬਕਾਇਆ ਖਪਤਕਾਰਾਂ ਤੋਂ ਹੋਣ ਵਾਲੀ ਵਸੂਲੀ ’ਤੇ ਪੈ ਰਿਹਾ ਹੈ।

ਲੁਧਿਆਣਾ
ਬਿਊਰੋ ਰਿਪੋਰਟ
ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਨਾਲ ਜੁੜੇ ਠੇਕੇ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਫੈਸਲੇ ਮਗਰੋਂ ਸੂਬੇ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮੌਜੂਦਾ ਹਾਲਾਤਾਂ ਮੁਤਾਬਕ ਪੰਜਾਬ ਭਰ ਦੇ ਕਰੀਬ 2200 ਮੀਟਰ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 14 ਮਈ ਦੀ ਦੇਰ ਸ਼ਾਮ ਤੋਂ ਸ਼ੁਰੂ ਹੋਈ ਇਸ ਹੜਤਾਲ ਕਾਰਨ ਬਿਜਲੀ ਨਿਗਮ ਦਾ ਬਿਲਿੰਗ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ, ਜਿਸ ਦਾ ਸਿੱਧਾ ਅਸਰ ਕਰੋੜਾਂ ਰੁਪਏ ਦੀ ਬਿਲਿੰਗ ਅਤੇ ਬਕਾਇਆ ਖਪਤਕਾਰਾਂ ਤੋਂ ਹੋਣ ਵਾਲੀ ਵਸੂਲੀ ’ਤੇ ਪੈ ਰਿਹਾ ਹੈ।
ਬਿਜਲੀ ਨਿਗਮ ਦੀ ਜਨਤਾ ਨਗਰ ਡਵੀਜ਼ਨ ਨਾਲ ਸਬੰਧਤ ਮੀਟਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੀਟਰ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਸਾਲ ਦਾ ਤਜਰਬਾ ਰੱਖਣ ਵਾਲੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਗਿਆ ਹੈ, ਜਦਕਿ ਪਿਛਲੇ ਦਸ ਸਾਲਾਂ ਤੋਂ ਸੇਵਾ ਨਿਭਾ ਰਹੇ ਮੀਟਰ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਸੰਵਿਧਾਨਿਕ ਅਸੂਲਾਂ ਦੇ ਉਲਟ ਹੈ। ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਨਾਲ ਨਾ ਸਿਰਫ ਬਿਜਲੀ ਬਿੱਲ ਤਿਆਰ ਕਰਨ ਦਾ ਕੰਮ ਪ੍ਰਭਾਵਿਤ ਹੋਵੇਗਾ, ਸਗੋਂ ਬਕਾਇਆ ਖਪਤਕਾਰਾਂ ਦੀਆਂ ਸੂਚੀਆਂ ਬਣਾਉਣ ਦੀ ਪ੍ਰਕਿਰਿਆ ਵੀ ਰੁਕ ਜਾਵੇਗੀ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਦੂਜੇ ਪਾਸੇ ਨਿੱਜੀ ਕੰਪਨੀ ਨਾਲ ਜੁੜੇ ਕਰਮਚਾਰੀਆਂ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਮੀਟਰ ਮੁਲਾਜ਼ਮਾਂ ਅਤੇ ਨਿਗਰਾਨ ਅਧਿਕਾਰੀਆਂ ਦੀ ਤਨਖਾਹ ਵਿੱਚੋਂ ਭਵਿੱਖ ਨਿਧੀ ਅਤੇ ਬੀਮਾ ਯੋਜਨਾ ਦੀਆਂ ਰਕਮਾਂ ਕੱਟੀਆਂ ਤਾਂ ਗਈਆਂ ਹਨ, ਪਰ ਉਹ ਸੰਬੰਧਿਤ ਖਾਤਿਆਂ ਵਿੱਚ ਜਮ੍ਹਾਂ ਨਹੀਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਕਰਮਚਾਰੀਆਂ ਨੇ ਕੰਪਨੀ ਖ਼ਿਲਾਫ਼ ਸੰਘਰਸ਼ ਦਾ ਰਾਹ ਅਪਣਾ ਲਿਆ ਹੈ।
ਕੰਪਨੀ ਨੇ ਦਿੱਤਾ ਆਪਣਾ ਪੱਖ
ਇਸ ਮਾਮਲੇ ਸਬੰਧੀ ਨਿੱਜੀ ਕੰਪਨੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਮੀਟਰ ਮੁਲਾਜ਼ਮਾਂ ਦੀ ਤਨਖਾਹ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਅਤੇ ਸਾਰੇ ਫੰਡ ਵੀ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਨਿਗਰਾਨ ਅਧਿਕਾਰੀਆਂ ਦੀ ਕੇਵਲ ਇੱਕ ਮਹੀਨੇ ਦੀ ਤਨਖਾਹ ਰੁਕੀ ਹੋਈ ਹੈ, ਜੋ ਵਿਵਾਦ ਖਤਮ ਹੋਣ ਤੋਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਹੜਤਾਲ ਸਬੰਧੀ ਕੋਈ ਲਿਖਤੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਉੱਧਰ ਮੀਟਰ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਹੜਤਾਲ ਲਗਾਤਾਰ ਜਾਰੀ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
