NEET-UG 2026 ਪੇਪਰ ਲੀਕ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਕੈਮਿਸਟਰੀ ਲੈਕਚਰਾਰ ਨਿਕਲਿਆ ਮੁੱਖ ਦੋਸ਼ੀ

NEET-UG 2026 ਪੇਪਰ ਲੀਕ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਕੈਮਿਸਟਰੀ ਲੈਕਚਰਾਰ ਨਿਕਲਿਆ ਮੁੱਖ ਦੋਸ਼ੀ

ਜਾਂਚ ਵਿੱਚ ਸਾਹਮਣੇ ਆਇਆ ਕਿ ਉਸਨੇ ਇਸ ਪਹੁੰਚ ਦਾ ਗਲਤ ਫਾਇਦਾ ਚੁੱਕਦੇ ਹੋਏ ਪੇਪਰ ਲੀਕ ਦੀ ਸਾਜ਼ਿਸ਼ ਰਚੀ।


ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ NEET-UG 2026 ਦੇ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਨੇ ਉਸ ਕਥਿਤ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਹੀ ਸਵਾਲ ਅਤੇ ਉੱਤਰ ਯਾਦ ਕਰਵਾਏ ਸਨ। ਸੀਬੀਆਈ ਦੇ ਮੁਤਾਬਕ ਦੋਸ਼ੀ ਦੀ ਪਛਾਣ ਪੀ.ਵੀ. ਕੁਲਕਰਨੀ ਵਜੋਂ ਹੋਈ ਹੈ, ਜੋ ਐਨਟੀਏ ਦੀ ਪ੍ਰੀਖਿਆ ਪ੍ਰਕਿਰਿਆ ਨਾਲ ਜੁੜਿਆ ਇੱਕ ਕੈਮਿਸਟਰੀ ਲੈਕਚਰਾਰ ਸੀ। ਇਸ ਕਰਕੇ ਉਸਨੂੰ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਮਿਲੀ ਹੋਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸਨੇ ਇਸ ਪਹੁੰਚ ਦਾ ਗਲਤ ਫਾਇਦਾ ਚੁੱਕਦੇ ਹੋਏ ਪੇਪਰ ਲੀਕ ਦੀ ਸਾਜ਼ਿਸ਼ ਰਚੀ।
ਵਿਦਿਆਰਥੀਆਂ ਲਈ ਚਲਦੀਆਂ ਸਨ ਗੁਪਤ ਕੋਚਿੰਗ ਕਲਾਸਾਂ
ਸੀਬੀਆਈ ਜਾਂਚ ਵਿੱਚ ਪਤਾ ਲੱਗਾ ਕਿ ਅਪ੍ਰੈਲ 2026 ਦੇ ਆਖਰੀ ਹਫ਼ਤੇ ਦੌਰਾਨ ਕੁਲਕਰਨੀ ਨੇ ਆਪਣੇ ਨੈੱਟਵਰਕ ਰਾਹੀਂ ਕੁਝ ਵਿਦਿਆਰਥੀਆਂ ਨੂੰ ਇਕੱਠਾ ਕੀਤਾ। ਇਸ ਕੰਮ ਵਿੱਚ ਮਨੀਸ਼ਾ ਵਾਘਮਾਰੇ ਨਾਮ ਦੀ ਔਰਤ ਨੇ ਵੀ ਉਸਦੀ ਮਦਦ ਕੀਤੀ, ਜਿਸਨੂੰ ਸੀਬੀਆਈ ਪਹਿਲਾਂ ਹੀ 14 ਮਈ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਸ਼ ਹੈ ਕਿ ਕੁਲਕਰਨੀ ਪੁਣੇ ਸਥਿਤ ਆਪਣੇ ਘਰ ਵਿੱਚ ਵਿਦਿਆਰਥੀਆਂ ਲਈ ਗੁਪਤ ਕੋਚਿੰਗ ਕਲਾਸਾਂ ਲਗਾਉਂਦਾ ਸੀ। ਇਨ੍ਹਾਂ ਕਲਾਸਾਂ ਵਿੱਚ ਉਹ ਬੋਲ ਕੇ ਸਵਾਲ, ਵਿਕਲਪ ਅਤੇ ਸਹੀ ਉੱਤਰ ਲਿਖਵਾਉਂਦਾ ਸੀ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਵਿਦਿਆਰਥੀਆਂ ਦੀਆਂ ਨੋਟਬੁੱਕਾਂ ਵਿੱਚ ਲਿਖੇ ਸਵਾਲ ਅਤੇ ਉੱਤਰ 3 ਮਈ 2026 ਨੂੰ ਹੋਈ ਅਸਲ NEET-UG ਪ੍ਰੀਖਿਆ ਨਾਲ ਪੂਰੀ ਤਰ੍ਹਾਂ ਮਿਲਦੇ ਸਨ। ਸੀਬੀਆਈ ਦੇ ਅਨੁਸਾਰ ਇਸ ਪੂਰੇ ਰੈਕੇਟ ਵਿੱਚ ਕਈ ਵਿਚੋਲੇ ਵੀ ਸ਼ਾਮਲ ਸਨ, ਜੋ ਵਿਦਿਆਰਥੀਆਂ ਨੂੰ ਲੱਭ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਖ਼ਾਸ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਵੱਡੀ ਰਕਮ ਲਈ ਜਾਂਦੀ ਸੀ।
ਹੁਣ ਤੱਕ 8 ਮੁਲਜ਼ਮ ਕਾਬੂ
ਸੀਬੀਆਈ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਸ ਗਿਰੋਹ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਕਿੰਨੇ ਵਿਦਿਆਰਥੀਆਂ ਨੇ ਇਸਦਾ ਲਾਭ ਲਿਆ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕਰਕੇ ਮਹੱਤਵਪੂਰਨ ਦਸਤਾਵੇਜ਼, ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਜਾਰੀ ਹੈ।
ਸੀਬੀਆਈ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆਨਗਰ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਪੰਜ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਪੁਣੇ ਤੋਂ ਫੜੇ ਗਏ ਦੋ ਹੋਰ ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਲਿਆਂਦਾ ਜਾ ਰਿਹਾ ਹੈ।

Leave a Reply

Your email address will not be published. Required fields are marked *