ਬਠਿੰਡਾ ਪੈਟਰੋਲ ਬੰਬ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਦੋ ਮੁਲਜ਼ਮ ਗ੍ਰਿਫ਼ਤਾਰ
ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।

ਬਠਿੰਡਾ
ਬਿਊਰੋ ਰਿਪੋਰਟ
ਬਠਿੰਡਾ ਦੇ ਮੇਲਾ ਰਾਮ ਰੋਡ ‘ਤੇ ਆਰਐੱਸਐੱਸ ਦਫ਼ਤਰ ਦੇ ਸਾਹਮਣੇ ਸਥਿਤ ਇੱਕ ਹੋਮਿਓਪੈਥਿਕ ਕਲੀਨਿਕ ‘ਤੇ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਜਾਂਚ ਆਪਣੇ ਹੱਥ ਵਿੱਚ ਲੈਣ ਤੋਂ ਇੱਕ ਦਿਨ ਬਾਅਦ ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਇੱਕ ਹੋਰ ਸ਼ੱਕੀ ਅਜੇ ਵੀ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।
ਇਸ ਦਰਮਿਆਨ ਬੁੱਧਵਾਰ ਨੂੰ ਐਨਆਈਏ ਦੀ ਟੀਮ, ਜਿਸ ਵਿੱਚ ਇੱਕ ਡੀਐੱਸਪੀ ਅਤੇ ਦੋ ਇੰਸਪੈਕਟਰ ਸ਼ਾਮਲ ਸਨ, ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਟੀਮ ਨੇ ਕਲੀਨਿਕ ਦੇ ਮਾਲਕ ਡਾ. ਤਰਸੇਮ ਗਰਗ ਨਾਲ ਵੀ ਗੱਲਬਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ।
ਡਾ. ਤਰਸੇਮ ਗਰਗ ਸਿਵਲ ਡਿਫੈਂਸ ਕੋਰ ਬਠਿੰਡਾ ਦੇ ਚੀਫ਼ ਵਾਰਡਨ ਰਹਿ ਚੁੱਕੇ ਹਨ ਅਤੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਹਨ। ਉਹ ਪੰਜਾਬ ਰਾਜ ਵਪਾਰੀ ਕਮਿਸ਼ਨ ਵਿੱਚ ਸੂਬਾ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਪਤਨੀ ਡਾ. ਰਜਨੀ ਜਿੰਦਲ, ਜਿਨ੍ਹਾਂ ਨੇ ਹਾਲੀਆ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਉਮੀਦਵਾਰ ਵਜੋਂ ਹਿੱਸਾ ਲਿਆ ਸੀ, ਨੇ ਦਾਅਵਾ ਕੀਤਾ ਕਿ ਧਮਾਕੇ ਤੋਂ ਕਰੀਬ ਦੋ ਘੰਟੇ ਬਾਅਦ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ।
ਡਾ. ਰਜਨੀ ਦੇ ਅਨੁਸਾਰ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਪਾਕਿਸਤਾਨ ਵਿੱਚ ਬੈਠੇ ਅਤਿਵਾਦੀ ਸ਼ਹਿਜ਼ਾਦ ਭੱਟੀ ਵਜੋਂ ਕਰਵਾਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਸੇ ਨੰਬਰ ਤੋਂ ਨਾਮ ਅਤੇ “HI” ਲਿਖੇ ਦੋ ਸੁਨੇਹੇ ਵੀ ਭੇਜੇ ਗਏ ਸਨ।
ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਸੀ। ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਵੀ ਬਠਿੰਡਾ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਦਾ ਟਿਕਾਣਾ ਘਟਨਾ ਸਥਾਨ ਤੋਂ ਇੱਕ ਕਿਲੋਮੀਟਰ ਤੋਂ ਘੱਟ ਦੂਰੀ ‘ਤੇ ਸੀ। ਸੀਸੀਟੀਵੀ ਫੁਟੇਜ ਵਿੱਚ ਦੋ ਵਿਅਕਤੀ ਕਲੀਨਿਕ ਦੇ ਬਾਹਰ ਆਉਂਦੇ ਨਜ਼ਰ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਅੰਦਰ ਵੱਲ ਪੈਟਰੋਲ ਬੰਬ ਸੁੱਟ ਦਿੱਤਾ।
ਹਮਲੇ ਕਾਰਨ ਇੱਕ ਸਕੂਟਰੀ, ਕੁਝ ਗਮਲਿਆਂ ਅਤੇ ਖਿੜਕੀ ਨੂੰ ਨੁਕਸਾਨ ਪਹੁੰਚਿਆ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਡਾ. ਗਰਗ ਮੁਤਾਬਕ ਕਲੀਨਿਕ ਵਿੱਚ ਮੌਜੂਦ ਦੋ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਅੱਗ ਨੂੰ ਫੈਲਣ ਤੋਂ ਪਹਿਲਾਂ ਹੀ ਬੁਝਾ ਦਿੱਤਾ।
ਘਟਨਾ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਕਈ ਅਹਿਮ ਸਬੂਤ ਇਕੱਠੇ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਫਰਾਰ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
