ਪੰਜਾਬ–ਚੰਡੀਗੜ੍ਹ ‘ਚ ਅੱਜ ਮੀਂਹ ਦਾ ਅਲਰਟ, ਤੇਜ਼ ਹਵਾਵਾਂ ਦਾ ਅਸਰ; ਅਗਲੇ ਦਿਨਾਂ ਦਾ ਜਾਣੋ ਪੂਰਾ ਮੌਸਮੀ ਅਪਡੇਟ

ਪੰਜਾਬ–ਚੰਡੀਗੜ੍ਹ ‘ਚ ਅੱਜ ਮੀਂਹ ਦਾ ਅਲਰਟ, ਤੇਜ਼ ਹਵਾਵਾਂ ਦਾ ਅਸਰ; ਅਗਲੇ ਦਿਨਾਂ ਦਾ ਜਾਣੋ ਪੂਰਾ ਮੌਸਮੀ ਅਪਡੇਟ

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ, 6 ਮਈ ਨੂੰ ਕਈ ਇਲਾਕਿਆਂ ਵਿੱਚ ਗਰਜ-ਚਮਕ, ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹਾਲ ਹੀ ਦੀ ਬਾਰਿਸ਼ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਇਸੇ ਦੌਰਾਨ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਲਗਭਗ 0.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ ਕਰੀਬ 6.1 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ, 6 ਮਈ ਨੂੰ ਕਈ ਇਲਾਕਿਆਂ ਵਿੱਚ ਗਰਜ-ਚਮਕ, ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਸਮੇਂ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 9 ਮਈ ਤੱਕ ਮੌਸਮ ਸੁੱਕਾ ਰਹਿਣ ਦੀ ਉਮੀਦ ਜਤਾਈ ਗਈ ਹੈ ਅਤੇ ਫਿਲਹਾਲ ਕੋਈ ਹੋਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਰੂਪਨਗਰ ਦੇ ਭਾਖੜਾ ਡੈਮ ‘ਤੇ ਸਭ ਤੋਂ ਵੱਧ ਤਾਪਮਾਨ 34.1 ਡਿਗਰੀ ਦਰਜ ਕੀਤਾ ਗਿਆ।

ਅੱਜ ਦੇ ਦਿਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਸਮੇਤ 14 ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਸਭ ਜ਼ਿਲ੍ਹਿਆਂ ‘ਚ ਤਾਪਮਾਨ 35 ਡਿਗਰੀ ਤੋਂ ਹੇਠਾਂ ਦਰਜ
ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ 6 ਡਿਗਰੀ ਘੱਟ ਹੈ। ਅੰਮ੍ਰਿਤਸਰ ਵਿੱਚ 33.4 ਡਿਗਰੀ, ਲੁਧਿਆਣਾ ਵਿੱਚ 32.6 ਡਿਗਰੀ ਅਤੇ ਪਟਿਆਲਾ ਵਿੱਚ 31.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ ਘੱਟ ਹੈ। ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚ ਤਾਪਮਾਨ 31.0 ਤੋਂ 31.7 ਡਿਗਰੀ ਦੇ ਵਿਚਕਾਰ ਰਿਹਾ।

ਗੁਰਦਾਸਪੁਰ (32.2 ਡਿਗਰੀ ਸੈਲਸੀਅਸ), ਮੋਹਾਲੀ (30.4 ਡਿਗਰੀ ਸੈਲਸੀਅਸ) ਅਤੇ ਪਠਾਨਕੋਟ (32.4 ਡਿਗਰੀ ਸੈਲਸੀਅਸ) ਵਿੱਚ ਵੀ ਆਮ ਨਾਲੋਂ ਘੱਟ ਤਾਪਮਾਨ ਦਰਜ ਹੋਇਆ। ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਹਲਕਾ ਉਤਾਰ-ਚੜ੍ਹਾਅ ਵੇਖਣ ਨੂੰ ਮਿਲਿਆ, ਜਦਕਿ ਮੀਂਹ ਕਰੀਬ ਨਾ ਕੇ ਬਰਾਬਰ ਰਿਹਾ। ਕੁੱਲ ਮਿਲਾ ਕੇ ਮੌਸਮ ਆਮ ਨਾਲੋਂ ਠੰਡਾ ਰਿਹਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

ਕੱਲ੍ਹ ਤੋਂ ਤਾਪਮਾਨ ‘ਚ ਵਾਧਾ ਸ਼ੁਰੂ ਹੋਵੇਗਾ
ਕੱਲ੍ਹ ਤੋਂ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਇੱਕ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ, ਜੋ ਕਸ਼ਮੀਰ ਦੇ ਨੇੜੇ ਬਣੀ ਹੋਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਕਰਵਾਤੀ ਸਰਕੂਲੇਸ਼ਨ ਅਤੇ ਟ੍ਰਫ ਸਿਸਟਮ ਸਰਗਰਮ ਹਨ, ਜੋ ਦੱਖਣੀ ਭਾਰਤ ਤੱਕ ਫੈਲੇ ਹੋਏ ਹਨ। ਪੂਰਬੀ ਪੰਜਾਬ ਵਿੱਚ ਬੱਦਲ ਛਾਏ ਰਹਿਣ ਦੀ ਸਥਿਤੀ ਬਣੀ ਹੋਈ ਹੈ।

ਅੱਜ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ 7 ਮਈ ਤੋਂ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਗਈ ਹੈ।

ਦੋ ਦਿਨਾਂ ਤੱਕ ਹਲਕੀ ਬਾਰਿਸ਼ ਦੇ ਆਸਾਰ
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ 6 ਅਤੇ 7 ਮਈ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਅਗਲੇ 48 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 2 ਡਿਗਰੀ ਵਾਧਾ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਸ ਵਿੱਚ 3 ਤੋਂ 4 ਡਿਗਰੀ ਦੀ ਕਮੀ ਆ ਸਕਦੀ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਬਿਜਲੀ ਅਤੇ ਗਰਜ-ਤੂਫਾਨ ਦੀ ਸੰਭਾਵਨਾ ਵੀ ਬਣੀ ਰਹੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *