ਪੁਲਿਸ ਹਿਰਾਸਤ ਵਿੱਚ MP ਅੰਮ੍ਰਿਤਪਾਲ ਸਿੰਘ ਨੂੰ ਵਕੀਲਾਂ ਨਾਲ ਮਿਲਣ ਦੀ ਮਨਜ਼ੂਰੀ, ਅਜਨਾਲਾ ਅਦਾਲਤ ਦਾ ਅਹਿਮ ਹੁਕਮ

ਪੁਲਿਸ ਹਿਰਾਸਤ ਵਿੱਚ MP ਅੰਮ੍ਰਿਤਪਾਲ ਸਿੰਘ ਨੂੰ ਵਕੀਲਾਂ ਨਾਲ ਮਿਲਣ ਦੀ ਮਨਜ਼ੂਰੀ, ਅਜਨਾਲਾ ਅਦਾਲਤ ਦਾ ਅਹਿਮ ਹੁਕਮ

ਇਹ ਹੁਕਮ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਪਲਵਿੰਦਰ ਸਿੰਘ ਦੀ ਅਦਾਲਤ ਵੱਲੋਂ ਜਾਰੀ ਕੀਤਾ ਗਿਆ।

ਅਜਨਾਲਾ

ਬਿਊਰੋ ਰਿਪੋਰਟ


ਅਜਨਾਲਾ ਦੀ ਅਦਾਲਤ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਹਿਰਾਸਤ ਦੌਰਾਨ ਆਪਣੇ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਹੁਕਮ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਪਲਵਿੰਦਰ ਸਿੰਘ ਦੀ ਅਦਾਲਤ ਵੱਲੋਂ ਜਾਰੀ ਕੀਤਾ ਗਿਆ।

ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਵਕੀਲ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 4 ਵਜੇ ਤੱਕ ਉਸ ਨਾਲ ਮੁਲਾਕਾਤ ਕਰ ਸਕਣਗੇ। ਐਡਵੋਕੇਟ ਸਮੀਰ ਤੋਡੀ ਨੂੰ ਨਿੱਜੀ ਤੌਰ ‘ਤੇ ਮਿਲਣ ਦੀ ਆਗਿਆ ਮਿਲੀ ਹੈ, ਜਦਕਿ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਐਡਵੋਕੇਟ ਰਣਜੋਧ ਸਿੰਘ ਭੁੱਲਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਮਾਮਲਾ ਪੁਲਿਸ ਸਟੇਸ਼ਨ ਅਜਨਾਲਾ ਵਿੱਚ ਦਰਜ ਐਫ.ਆਈ.ਆਰ ਨੰਬਰ 39 (24 ਫਰਵਰੀ 2023) ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਉੱਤੇ ਕਤਲ ਦੀ ਕੋਸ਼ਿਸ਼ (ਧਾਰਾ 307), ਸਰਕਾਰੀ ਕੰਮ ਵਿੱਚ ਰੁਕਾਵਟ (ਧਾਰਾ 353, 186) ਅਤੇ ਅਸਲਾ ਐਕਟ ਸਮੇਤ ਕਈ ਗੰਭੀਰ ਦੋਸ਼ ਲਗੇ ਹਨ। ਬਚਾਅ ਪੱਖ ਵੱਲੋਂ Cr.P.C ਦੀ ਧਾਰਾ 41D ਤਹਿਤ ਅਰਜ਼ੀ ਦੇ ਕੇ ਹਿਰਾਸਤ ਦੌਰਾਨ ਵਕੀਲਾਂ ਨਾਲ ਮਿਲਣ ਦੀ ਮੰਗ ਕੀਤੀ ਗਈ ਸੀ।

ਸੁਣਵਾਈ ਦੌਰਾਨ ਅਦਾਲਤ ਨੇ ਸੁਪਰੀਮ ਕੋਰਟ ਦੇ ਮਸ਼ਹੂਰ ਫੈਸਲੇ “ਡੀ.ਕੇ. ਬਾਸੂ ਬਨਾਮ ਪੱਛਮੀ ਬੰਗਾਲ ਰਾਜ” ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਲਜ਼ਮ ਨੂੰ ਪੁੱਛਗਿੱਛ ਦੌਰਾਨ ਆਪਣੇ ਵਕੀਲ ਨਾਲ ਸਲਾਹ ਕਰਨ ਦਾ ਅਧਿਕਾਰ ਹੈ, ਭਾਵੇਂ ਇਹ ਹੱਕ ਪੂਰੀ ਤਰ੍ਹਾਂ ਅਸੀਮਤ ਨਹੀਂ ਹੁੰਦਾ। ਸਰਕਾਰੀ ਪੱਖ ਵੱਲੋਂ ਇਸ ਅਰਜ਼ੀ ਦਾ ਵਿਰੋਧ ਕੀਤਾ ਗਿਆ ਸੀ, ਪਰ ਅਦਾਲਤ ਨੇ ਸੰਵਿਧਾਨਕ ਹੱਕਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਨਾਲ ਇਹ ਮਨਜ਼ੂਰੀ ਦੇ ਦਿੱਤੀ।

ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਇਸ ਫੈਸਲੇ ਦੀ ਕਾਪੀ ਕੇਂਦਰੀ ਜੇਲ੍ਹ ਡਿਬਰੂਗੜ੍ਹ (ਅਸਾਮ) ਦੇ ਸੁਪਰਡੈਂਟ ਨੂੰ ਈਮੇਲ ਰਾਹੀਂ ਭੇਜੀ ਜਾਵੇ।

Leave a Reply

Your email address will not be published. Required fields are marked *