ਅੰਮ੍ਰਿਤਸਰ ਵਿੱਚ ਨਸ਼ਾ-ਹਥਿਆਰ ਤਸਕਰੀ ਮਾਡਿਊਲ ਬੇਨਕਾਬ: 915 ਗ੍ਰਾਮ ICE ਤੇ 5 ਪਿਸਤੌਲਾਂ ਨਾਲ 3 ਦੋਸ਼ੀ ਗ੍ਰਿਫ਼ਤਾਰ
ਬਰਾਮਦ ਹਥਿਆਰਾਂ ਵਿੱਚ ਦੋ 9 ਐਮਐਮ ਗਲੌਕ ਪਿਸਤੌਲ, ਤਿੰਨ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸ਼ਾਮਲ ਹਨ।

ਸ੍ਰੀ ਅਮ੍ਰਿਤਸਰ ਸਾਹਿਬ
ਬਿਊਰੋ ਰਿਪੋਰਟ
ਪੰਜਾਬ ਵਿੱਚ ਨਸ਼ਾ ਅਤੇ ਅਪਰਾਧ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 915 ਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ ਪੰਜ ਆਧੁਨਿਕ ਪਿਸਤੌਲਾਂ ਸਮੇਤ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਕਾਰਵਾਈ ਨਾਲ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ (21), ਸੋਲਾ ਸਿੰਘ ਉਰਫ਼ ਸੋਨੂੰ (29) ਅਤੇ ਕਰਨ ਸਿੰਘ (22) ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਾਹਾਂਕੇ ਦੇ ਰਹਿਣ ਵਾਲੇ ਹਨ। ਬਰਾਮਦ ਹਥਿਆਰਾਂ ਵਿੱਚ ਦੋ 9 ਐਮਐਮ ਗਲੌਕ ਪਿਸਤੌਲ, ਤਿੰਨ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਤਿੰਨੋ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਵਿੱਚ ਸਨ। ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀਆਂ ਜਾਣ ਵਾਲੀਆਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਨੂੰ ਇਹ ਜੰਗਲੀ ਇਲਾਕਿਆਂ ਤੋਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਸਨ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਟੀਚਾਗਤ ਆਪ੍ਰੇਸ਼ਨ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੁਰੂ ਵਿੱਚ ਉਨ੍ਹਾਂ ਕੋਲੋਂ ਇੱਕ .30 ਬੋਰ ਪਿਸਤੌਲ ਬਰਾਮਦ ਹੋਇਆ ਸੀ, ਪਰ ਪੁੱਛਗਿੱਛ ਦੌਰਾਨ ਹੋਰ ਖੁਲਾਸਿਆਂ ਦੇ ਆਧਾਰ ‘ਤੇ 915 ਗ੍ਰਾਮ ਆਈ.ਸੀ.ਈ. ਅਤੇ ਚਾਰ ਹੋਰ ਪਿਸਤੌਲ ਵੀ ਜ਼ਬਤ ਕੀਤੇ ਗਏ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਿਰੋਜ਼ਪੁਰ ਸੈਕਟਰ ਦੇ ਸੰਘਣੇ ਜੰਗਲੀ ਇਲਾਕਿਆਂ ਵਿੱਚ ਡਰੋਨ ਰਾਹੀਂ ਖੇਪਾਂ ਸੁੱਟੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਇਹ ਮੁਲਜ਼ਮ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ਵਿੱਚ ਵੰਡਦੇ ਸਨ।
ਇਸ ਸਬੰਧੀ ਪੁਲਿਸ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਨੈੱਟਵਰਕ ਦੇ ਹੋਰ ਸਬੰਧਾਂ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
