ਪੈਟਰੋਲ-ਡੀਜ਼ਲ ਫਿਰ ਮਹਿੰਗੇ, 5 ਦਿਨਾਂ ਵਿੱਚ ਦੂਜੀ ਵਾਰ ਵਧੀਆਂ ਕੀਮਤਾਂ; ਆਮ ਲੋਕਾਂ ਦੀ ਜੇਬ ‘ਤੇ ਵਧਿਆ ਬੋਝ

ਪੈਟਰੋਲ-ਡੀਜ਼ਲ ਫਿਰ ਮਹਿੰਗੇ, 5 ਦਿਨਾਂ ਵਿੱਚ ਦੂਜੀ ਵਾਰ ਵਧੀਆਂ ਕੀਮਤਾਂ; ਆਮ ਲੋਕਾਂ ਦੀ ਜੇਬ ‘ਤੇ ਵਧਿਆ ਬੋਝ

ਪੰਜ ਦਿਨਾਂ ਵਿੱਚ ਹੀ ਦੋਵਾਂ ਈਂਧਨਾਂ ਦੀਆਂ ਕੀਮਤਾਂ ਲਗਭਗ 4 ਰੁਪਏ ਪ੍ਰਤੀ ਲੀਟਰ ਤੱਕ ਵਧ ਚੁੱਕੀਆਂ ਹਨ।

ਚੰਡੀਗੜ੍ਹ

ਬਿਊਰੋ ਰਿਪੋਰਟ

ਦੇਸ਼ ਭਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਗਿਆ ਹੈ। ਪਿਛਲੇ ਪੰਜ ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਤੇਲ ਕੰਪਨੀਆਂ ਨੇ ਰੇਟ ਵਧਾਏ ਹਨ। ਇਸ ਵਾਰ ਪੈਟਰੋਲ ਦੀ ਕੀਮਤ ਵਿੱਚ 86 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 83 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਕੇਵਲ ਪੰਜ ਦਿਨਾਂ ਵਿੱਚ ਹੀ ਦੋਵਾਂ ਈਂਧਨਾਂ ਦੀਆਂ ਕੀਮਤਾਂ ਲਗਭਗ 4 ਰੁਪਏ ਪ੍ਰਤੀ ਲੀਟਰ ਤੱਕ ਵਧ ਚੁੱਕੀਆਂ ਹਨ।

ਇਸ ਤੋਂ ਪਹਿਲਾਂ 15 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਇਜ਼ਾਫਾ ਕੀਤਾ ਗਿਆ ਸੀ। ਨਵੇਂ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 98.63 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 91.58 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

ਸੀਐਨਜੀ ਵਰਤਣ ਵਾਲਿਆਂ ਨੂੰ ਵੀ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦਿੱਲੀ-ਐਨਸੀਆਰ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਮੁੜ 1 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਦਿੱਲੀ ਵਿੱਚ ਪਹਿਲੀ ਵਾਰ ਸੀਐਨਜੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਤੋਂ ਉੱਪਰ ਚਲੀ ਗਈ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਵੀ ਸੀਐਨਜੀ 2 ਰੁਪਏ ਮਹਿੰਗੀ ਕੀਤੀ ਗਈ ਸੀ। ਹੁਣ ਦਿੱਲੀ ਵਿੱਚ ਸੀਐਨਜੀ ਦੀ ਕੀਮਤ 80.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜਦਕਿ ਨੋਇਡਾ ਵਿੱਚ ਇਹ 88.70 ਰੁਪਏ ਤੱਕ ਪਹੁੰਚ ਚੁੱਕੀ ਹੈ।

ਇਸ ਲਗਾਤਾਰ ਵਾਧੇ ਦਾ ਸਿੱਧਾ ਅਸਰ ਰੋਜ਼ਾਨਾ ਯਾਤਰਾ ਕਰਨ ਵਾਲੇ ਤਨਖਾਹਦਾਰ ਕਰਮਚਾਰੀਆਂ, ਆਟੋ-ਰਿਕਸ਼ਾ ਚਾਲਕਾਂ, ਸਾਈਕਲ-ਰਿਕਸ਼ਾ ਚਾਲਕਾਂ ਅਤੇ ਐਪ-ਅਧਾਰਤ ਕੈਬ ਡਰਾਈਵਰਾਂ ‘ਤੇ ਪੈਣ ਦੀ ਸੰਭਾਵਨਾ ਹੈ। ਵਧਦੀਆਂ ਈਂਧਨ ਕੀਮਤਾਂ ਕਾਰਨ ਆਵਾਜਾਈ ਦਾ ਖਰਚਾ ਵਧੇਗਾ, ਜਿਸ ਦਾ ਅਸਰ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਪੈ ਸਕਦਾ ਹੈ।

ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਅਤੇ ਈਰਾਨ ਨਾਲ ਚੱਲ ਰਹੇ ਟਕਰਾਅ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 96.23 ਦੇ ਨਵੇਂ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਦਾ ਦਬਾਅ ਹੋਰ ਵਧ ਸਕਦਾ ਹੈ। ਭਾਰਤ ਵਰਗੇ ਆਯਾਤ-ਨਿਰਭਰ ਦੇਸ਼ਾਂ ਲਈ ਇਹ ਸਥਿਤੀ ਚਿੰਤਾਜਨਕ ਹੈ, ਕਿਉਂਕਿ ਕੱਚੇ ਤੇਲ ਦੀ ਦਰਾਮਦ ਲਈ ਵੱਧ ਵਿਦੇਸ਼ੀ ਮੁਦਰਾ ਖਰਚਣੀ ਪੈਂਦੀ ਹੈ। ਜੇਕਰ ਰੁਪਏ ਵਿੱਚ ਹੋਰ ਕਮਜ਼ੋਰੀ ਆਉਂਦੀ ਹੈ ਤਾਂ ਕੱਚੇ ਤੇਲ ਦੀ ਆਯਾਤ ਹੋਰ ਮਹਿੰਗੀ ਹੋ ਸਕਦੀ ਹੈ, ਜਿਸ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ ‘ਤੇ ਪਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *