NEET-UG ਉਮੀਦਵਾਰਾਂ ਲਈ NTA ਦੀ ਨਵੀਂ ਸਹੂਲਤ, WhatsApp ਚੈਨਲ ਰਾਹੀਂ ਮਿਲੇਗੀ ਹਰ ਅਧਿਕਾਰਤ ਜਾਣਕਾਰੀ
ਵਿਦਿਆਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸੁਨੇਹੇ ਨੂੰ ਸਹੀ ਮੰਨਣ ਤੋਂ ਪਹਿਲਾਂ WhatsApp ‘ਤੇ ਦਿੱਤਾ ਗਿਆ Blue Tick ਅਤੇ NTA ਦਾ ਨਾਮ ਜ਼ਰੂਰ ਜਾਂਚ ਲੈਣ।

ਨਵੀਂ ਦਿੱਲੀ
ਬਿਊਰੋ ਰਿਪੋਰਟ
21 ਜੂਨ ਨੂੰ ਕਰਵਾਈ ਜਾਣ ਵਾਲੀ NEET-UG ਦੀ ਦੁਬਾਰਾ ਪ੍ਰੀਖਿਆ ਤੋਂ ਪਹਿਲਾਂ National Testing Agency (NTA) ਨੇ ਵਿਦਿਆਰਥੀਆਂ ਤੱਕ ਸਹੀ ਅਤੇ ਭਰੋਸੇਯੋਗ ਜਾਣਕਾਰੀ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਫਰਜ਼ੀ ਖ਼ਬਰਾਂ ਅਤੇ ਗੁੰਮਰਾਹਕੁੰਨ ਜਾਣਕਾਰੀ ‘ਤੇ ਰੋਕ ਲਗਾਉਣ ਲਈ ਏਜੰਸੀ ਨੇ ਆਪਣਾ ਅਧਿਕਾਰਤ WhatsApp ਚੈਨਲ ਸ਼ੁਰੂ ਕੀਤਾ ਹੈ।
WhatsApp ‘ਤੇ ਮਿਲਣਗੀਆਂ ਸਾਰੀਆਂ ਅਪਡੇਟਾਂ
NTA ਵੱਲੋਂ ਦੱਸਿਆ ਗਿਆ ਹੈ ਕਿ ਪ੍ਰੀਖਿਆ ਨਾਲ ਸੰਬੰਧਿਤ ਸਾਰੇ ਅਧਿਕਾਰਤ WhatsApp ਸੁਨੇਹੇ ਕੇਵਲ ਇਸਦੇ ਵੈਰੀਫਾਈਡ ਨੰਬਰ +91-7827980287 ਤੋਂ ਹੀ ਭੇਜੇ ਜਾਣਗੇ।
ਵਿਦਿਆਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸੁਨੇਹੇ ਨੂੰ ਸਹੀ ਮੰਨਣ ਤੋਂ ਪਹਿਲਾਂ WhatsApp ‘ਤੇ ਦਿੱਤਾ ਗਿਆ Blue Tick ਅਤੇ NTA ਦਾ ਨਾਮ ਜ਼ਰੂਰ ਜਾਂਚ ਲੈਣ।
ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਇਸ ਨਵੀਂ ਸੇਵਾ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਕਰ ਲਏ ਹਨ, ਉਨ੍ਹਾਂ ਨੂੰ ਮੁੜ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ।
20 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਡਾਊਨਲੋਡ ਕੀਤੇ ਐਡਮਿਟ ਕਾਰਡ
NTA ਦੇ ਮੁਤਾਬਕ SMS, ਈ-ਮੇਲ ਅਤੇ WhatsApp ਰਾਹੀਂ ਹੁਣ ਸਿਰਫ਼ ਉਨ੍ਹਾਂ ਉਮੀਦਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ।
ਏਜੰਸੀ ਨੇ ਦੱਸਿਆ ਕਿ ਕਰੀਬ 20 ਲੱਖ ਉਮੀਦਵਾਰ 21 ਜੂਨ ਦੀ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ ਹਾਸਲ ਕਰ ਚੁੱਕੇ ਹਨ। ਇਸ ਵਾਰ NEET-UG ਲਈ ਲਗਭਗ 22 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਪੁਰਾਣੇ ਐਡਮਿਟ ਕਾਰਡ ਨਹੀਂ ਹੋਣਗੇ ਮੰਨਣਯੋਗ
NTA ਨੇ ਸਪਸ਼ਟ ਕੀਤਾ ਹੈ ਕਿ 3 ਮਈ ਨੂੰ ਹੋਈ ਪ੍ਰੀਖਿਆ ਲਈ ਜਾਰੀ ਕੀਤੇ ਗਏ ਐਡਮਿਟ ਕਾਰਡ 21 ਜੂਨ ਦੀ ਦੁਬਾਰਾ ਪ੍ਰੀਖਿਆ ਲਈ ਵੈਧ ਨਹੀਂ ਮੰਨੇ ਜਾਣਗੇ।
ਏਜੰਸੀ ਦਾ ਕਹਿਣਾ ਹੈ ਕਿ ਕਈ ਵਿਦਿਆਰਥੀਆਂ ਨੂੰ ਨਵੇਂ ਸ਼ਹਿਰਾਂ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਅਲਾਟਮੈਂਟ ਦਿੱਤੀ ਗਈ ਹੈ। 3 ਮਈ ਦੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਕੇਂਦਰ ਬਦਲਣ ਦਾ ਵਿਕਲਪ ਦਿੱਤਾ ਗਿਆ ਸੀ, ਜਿਸਦਾ ਕਾਫ਼ੀ ਵਿਦਿਆਰਥੀਆਂ ਨੇ ਫਾਇਦਾ ਲਿਆ।
‘NICPEP’ ਤੋਂ ਹੀ ਆਉਣਗੇ ਅਧਿਕਾਰਤ SMS
NTA ਨੇ ਦੱਸਿਆ ਕਿ ਸਾਰੇ ਅਸਲੀ SMS “NICPEP” Sender ID ਤੋਂ ਭੇਜੇ ਜਾਣਗੇ, ਜਦਕਿ ਅਧਿਕਾਰਤ ਈ-ਮੇਲ no-reply.neet.nta@nic.in ਤੋਂ ਹੀ ਪ੍ਰਾਪਤ ਹੋਣਗੀਆਂ।
ਏਜੰਸੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਖਿਆ ਨਾਲ ਸੰਬੰਧਿਤ ਜਾਣਕਾਰੀ ਲਈ ਸਿਰਫ਼ ਅਧਿਕਾਰਤ ਵੈੱਬਸਾਈਟ ‘ਤੇ ਹੀ ਭਰੋਸਾ ਕੀਤਾ ਜਾਵੇ।
WhatsApp ਚੈਨਲ ‘ਤੇ ਨਹੀਂ ਹੋਵੇਗੀ ਦੋ-ਤਰਫ਼ਾ ਗੱਲਬਾਤ
NTA ਨੇ ਸਪਸ਼ਟ ਕੀਤਾ ਹੈ ਕਿ ਇਹ WhatsApp ਸੇਵਾ ਸਿਰਫ਼ Broadcast-Only Channel ਵਜੋਂ ਕੰਮ ਕਰੇਗੀ। ਇਸ ਰਾਹੀਂ ਕਿਸੇ ਵੀ ਵਿਦਿਆਰਥੀ ਤੋਂ OTP, ਪਾਸਵਰਡ, ਬੈਂਕ ਵੇਰਵੇ ਜਾਂ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਮੰਗਿਆ ਜਾਵੇਗਾ।
ਜੇਕਰ ਕੋਈ ਵਿਅਕਤੀ ਜਾਂ ਸੁਨੇਹਾ NTA ਦੇ ਨਾਮ ‘ਤੇ OTP, ਬੈਂਕ ਡਿਟੇਲ, ਪਾਸਵਰਡ ਜਾਂ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਉਸਨੂੰ ਫਰਜ਼ੀ ਮੰਨ ਕੇ ਨਜ਼ਰਅੰਦਾਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
