*ਸਾਂਸਦ ਅਮ੍ਰਿਤਪਾਲ ਸਿੰਘ ਦੀ VC ਰਾਹੀਂ ਅਜਨਾਲਾ ਕੋਰਟ ਵਿੱਚ ਪੇਸ਼ੀ, ਪੁਲਿਸ ਨੇ ਚਲਾਨ ਕੀਤਾ ਪੇਸ਼; ਹੁਣ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਸੁਣਵਾਈ*
ਅੱਜ ਦੀ ਕਾਰਵਾਈ ਦੌਰਾਨ ਪੁਲਿਸ ਨੇ ਆਪਣੀ ਜਾਂਚ ਮੁਕੰਮਲ ਕਰਕੇ ਕੋਰਟ ਵਿੱਚ ਚਲਾਨ ਦਾਖਲ ਕੀਤਾ, ਜਿਸ ਤੋਂ ਬਾਅਦ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਅਜਨਾਲਾ
ਬਿਊਰੋ ਰਿਪੋਰਟ
ਸਾਂਸਦ ਅਮ੍ਰਿਤਪਾਲ ਸਿੰਘ ਨੂੰ ਅੱਜ ਫਿਰ ਵੀਡੀਓ ਕਾਨਫਰੰਸਿੰਗ (VC) ਰਾਹੀਂ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਕਾਰਵਾਈ ਦੌਰਾਨ ਪੁਲਿਸ ਨੇ ਆਪਣੀ ਜਾਂਚ ਮੁਕੰਮਲ ਕਰਕੇ ਕੋਰਟ ਵਿੱਚ ਚਲਾਨ ਦਾਖਲ ਕੀਤਾ, ਜਿਸ ਤੋਂ ਬਾਅਦ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰੀਤੂ ਰਾਜ ਸਿੰਘ ਸੰਧੂ ਨੇ ਕਿਹਾ ਕਿ ਅੱਜ ਅਮ੍ਰਿਤਪਾਲ ਸਿੰਘ ਦੀ ਨਿਆਇਕ ਹਿਰਾਸਤ ਦੀ ਮਿਆਦ ਪੂਰੀ ਹੋਣ ਕਾਰਨ ਤਾਰੀਖ ਸੀ, ਜਿਸ ਕਰਕੇ ਉਨ੍ਹਾਂ ਨੂੰ ਵੀਸੀ ਰਾਹੀਂ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਵੱਲੋਂ ਜਾਂਚ ਪੂਰੀ ਕਰਕੇ ਚਲਾਨ ਅਦਾਲਤ ਅੱਗੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਸ ਕੇਸ ਦੀ ਸੁਣਵਾਈ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਹੋਵੇਗੀ ਅਤੇ 2 ਮਈ ਤੋਂ ਟ੍ਰਾਇਲ ਦੀ ਕਾਰਵਾਈ ਸ਼ੁਰੂ ਹੋਵੇਗੀ।
ਉਨ੍ਹਾਂ ਹੋਰ ਦੱਸਿਆ ਕਿ ਐਫਆਈਆਰ ਨੰਬਰ 39 ਨਾਲ ਜੁੜੇ ਇਸ ਕੇਸ ਵਿੱਚ ਹੁਣ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਅਮ੍ਰਿਤਪਾਲ ਸਿੰਘ ਇਸ ਮਾਮਲੇ ਦੇ ਆਖਰੀ ਦੋਸ਼ੀ ਸਨ, ਜਿਨ੍ਹਾਂ ਦੀ ਅੱਜ ਪੇਸ਼ੀ ਹੋਈ। ਅਦਾਲਤੀ ਹੁਕਮਾਂ ਅਨੁਸਾਰ ਹੁਣ ਉਨ੍ਹਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਹੀ ਨਿਆਇਕ ਹਿਰਾਸਤ ਵਿੱਚ ਰੱਖਿਆ ਜਾਵੇਗਾ ਅਤੇ ਅਗਲੀ ਪੇਸ਼ੀਆਂ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕਰਵਾਈਆਂ ਜਾਣਗੀਆਂ।
ਐਡਵੋਕੇਟ ਸੰਧੂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਅਮ੍ਰਿਤਪਾਲ ਸਿੰਘ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਹਿਲਾਂ ਵਾਹਨਾਂ ਅਤੇ ਹਥਿਆਰਾਂ ਦੀ ਰਿਕਵਰੀ ਬਾਰੇ ਦਾਅਵੇ ਕੀਤੇ ਜਾ ਰਹੇ ਸਨ, ਪਰ ਜਾਂਚ ਦੌਰਾਨ ਕੋਈ ਪੱਕਾ ਸਬੂਤ ਸਾਹਮਣੇ ਨਹੀਂ ਆਇਆ। ਇਸ ਕਾਰਨ ਪੁਲਿਸ ਨੂੰ ਕੇਵਲ ਦੋ ਦਿਨ ਦਾ ਰਿਮਾਂਡ ਮਿਲਿਆ ਅਤੇ ਇੱਕ ਹਫ਼ਤੇ ਵਿੱਚ ਹੀ ਜਾਂਚ ਪੂਰੀ ਕਰ ਲਈ ਗਈ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਹੋਵੇਗੀ, ਜਿੱਥੇ ਟ੍ਰਾਇਲ ਦੀ ਅਧਿਕਾਰਕ ਸ਼ੁਰੂਆਤ ਕੀਤੀ ਜਾਵੇਗੀ। ਇਸ ਕੇਸ ਦੀ ਅਗਲੀ ਕਾਰਵਾਈ ‘ਤੇ ਸਭ ਦੀ ਨਜ਼ਰ
ਟਿਕੀ ਹੋਈ ਹੈ।
