ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਸਣੇ ਤਿੰਨ ਖ਼ਿਲਾਫ਼ ਕੇਸ ਦਰਜ, ਸਿੱਖ ਧਰਮ ਬਾਰੇ ਕਥਿਤ ਇਤਰਾਜ਼ਯੋਗ ਬਿਆਨਾਂ ਦਾ ਮਾਮਲਾ
ਦੋਸ਼ ਹੈ ਕਿ ਵੀਡੀਓ ਵਿੱਚ ਸਿੱਖ ਧਰਮ, ਪਵਿੱਤਰ ਕਕਾਰਾਂ ਅਤੇ ਗੁਰੂ ਗ੍ਰੰਥਾਂ ਸਬੰਧੀ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ।

ਲੁਧਿਆਣਾ
ਬਿਊਰੋ ਰਿਪੋਰਟ
ਲੁਧਿਆਣਾ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਲਾਡੋਵਾਲ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 299 ਤਹਿਤ ਤਿੰਨ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜਗਰਾਉਂ ਦੇ ਪਿੰਡ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਭਵਨਦੀਪ ਸਿੰਘ ਨੇ ਦੱਸਿਆ ਕਿ ਉਹ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਲਾਡੋਵਾਲ ਟੋਲ ਪਲਾਜ਼ਾ ‘ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਇੱਕ ਵੀਡੀਓ ਆਈ।
ਸ਼ਿਕਾਇਤ ਮੁਤਾਬਕ, ਇਹ ਵੀਡੀਓ ਪਵਨ ਮਾਨ, ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਅਤੇ ਭਾਨੂ ਪ੍ਰਤਾਪ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ। ਦੋਸ਼ ਹੈ ਕਿ ਵੀਡੀਓ ਵਿੱਚ ਸਿੱਖ ਧਰਮ, ਪਵਿੱਤਰ ਕਕਾਰਾਂ ਅਤੇ ਗੁਰੂ ਗ੍ਰੰਥਾਂ ਸਬੰਧੀ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ।
ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣ ਦੇ ਵੀ ਦੋਸ਼
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਅਜਿਹੀਆਂ ਟਿੱਪਣੀਆਂ ਰਾਹੀਂ ਦੋ ਭਾਈਚਾਰਿਆਂ ਵਿਚਕਾਰ ਵੈਰ-ਵਿਰੋਧ ਅਤੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਤਿੰਨਾਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ BNS ਦੀ ਧਾਰਾ 299 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੀ ਸੱਚਾਈ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂ ਸਮਾਜ ਦੇ ਹੱਕਾਂ ਲਈ ਆਵਾਜ਼ ਚੁੱਕਦੇ ਰਹਾਂਗੇ : ਟੰਡਨ
ਇਸ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਮੇਸ਼ਾ ਹਿੰਦੂ ਸਮਾਜ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਕੰਮ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਵ ਸੈਨਿਕ ਅਜਿਹੇ ਮਾਮਲਿਆਂ ਤੋਂ ਡਰਨ ਵਾਲੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਕਰੀਬ 12 ਦਿਨ ਪਹਿਲਾਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਕੁਝ ਨਿਹੰਗ ਸਿੰਘਾਂ ਵੱਲੋਂ ਰਾਜੀਵ ਟੰਡਨ ਦੀ ਪਾਇਲਟ ਗੱਡੀ ਰੋਕੀ ਗਈ ਸੀ। ਉਸ ਘਟਨਾ ਦੌਰਾਨ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ ਸੀ, ਜਿਸ ਨਾਲ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਬਾਅਦ ਵਿੱਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਰਾਜੀਵ ਟੰਡਨ ਦੀ ਗੱਡੀ ਨੂੰ ਸੁਰੱਖਿਅਤ ਤਰੀਕੇ ਨਾਲ ਉਥੋਂ ਰਵਾਨਾ ਕਰਵਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
