ਬੀਇੰਗ ਹਿਊਮਨ ਜਿਊਲਰੀ ਮਾਮਲੇ ‘ਚ ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਭੈਣ ਅਲਵੀਰਾ ਸਣੇ ਕਈਆਂ ਨੂੰ ਕੋਰਟ ਦਾ ਨੋਟਿਸ
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਤੇ ਸਟਾਈਲ ਐਂਡ ਕੰਟੈਂਟ ਜਿਊਲਰੀ ਪ੍ਰਾਈਵੇਟ ਲਿਮਿਟੇਡ ਦੇ ਡਾਇਰੈਕਟਰ ਸਮੇਤ ਹੋਰ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਬੀਇੰਗ ਹਿਊਮਨ ਜਿਊਲਰੀ ਸ਼ੋਰੂਮ ਨਾਲ ਜੁੜੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਤੇ ਸਟਾਈਲ ਐਂਡ ਕੰਟੈਂਟ ਜਿਊਲਰੀ ਪ੍ਰਾਈਵੇਟ ਲਿਮਿਟੇਡ ਦੇ ਡਾਇਰੈਕਟਰ ਸਮੇਤ ਹੋਰ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
ਅਦਾਲਤ ਨੇ ਆਪਣੇ ਨੋਟਿਸ ਵਿੱਚ ਸਾਰੇ ਜਵਾਬਦੇਹ ਪੱਖਾਂ ਨੂੰ ਨਿਰਧਾਰਤ ਸਮੇਂ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਕਾਰੋਬਾਰੀ ਅਰੁਣ ਗੁਪਤਾ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਸ਼ਿਕਾਇਤਕਰਤਾ ਅਰੁਣ ਗੁਪਤਾ ਦਾ ਦਾਅਵਾ ਹੈ ਕਿ ਕੁਝ ਸਾਲ ਪਹਿਲਾਂ ਮੁੰਬਈ ਵਿੱਚ ਬਿੱਗ ਬੌਸ ਦੇ ਸੈੱਟ ਦੌਰਾਨ ਉਨ੍ਹਾਂ ਦੀ ਸਲਮਾਨ ਖਾਨ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਟਾਈਲ ਐਂਡ ਕੰਟੈਂਟ ਜਿਊਲਰੀ ਪ੍ਰਾਈਵੇਟ ਲਿਮਿਟੇਡ ਨਾਲ ਸਮਝੌਤਾ ਕਰਕੇ ਕਰੀਬ 3 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਬੀਇੰਗ ਹਿਊਮਨ ਜਿਊਲਰੀ ਬ੍ਰਾਂਡ ਦੀ ਮਾਰਕੀਟਿੰਗ ਲਈ ਅਧਿਕਾਰਤ ਲਾਇਸੈਂਸਧਾਰਕ ਸੀ। ਇਸ ਤੋਂ ਇਲਾਵਾ ਸ਼ੋਰੂਮ ਤਿਆਰ ਕਰਨ ਲਈ ਵੀ ਲਗਭਗ 1 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਉਨ੍ਹਾਂ ਨੇ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ੋਰੂਮ ਸ਼ੁਰੂ ਹੋਣ ਤੋਂ ਬਾਅਦ ਕੰਪਨੀ ਵੱਲੋਂ ਵਾਅਦੇ ਮੁਤਾਬਕ ਕਾਰੋਬਾਰੀ ਸਹਿਯੋਗ ਨਹੀਂ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਗੁਪਤਾ ਨੇ ਇਹ ਵੀ ਦੋਸ਼ ਲਗਾਇਆ ਕਿ ਬੀਇੰਗ ਹਿਊਮਨ ਜਿਊਲਰੀ ਦੀ ਸਪਲਾਈ ਕਰਨ ਵਾਲਾ ਆਉਟਲੈਟ ਫਰਵਰੀ 2020 ਤੋਂ ਬੰਦ ਹੋ ਗਿਆ ਸੀ, ਜਿਸ ਨਾਲ ਸਾਮਾਨ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਕਾਰੋਬਾਰ ਨੂੰ ਗੰਭੀਰ ਨੁਕਸਾਨ ਪਹੁੰਚਿਆ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਕੰਪਨੀ ਨਾਲ ਜੁੜੇ ਛੇ ਲੋਕਾਂ ਨੇ ਗਲਤ ਭਰੋਸੇ ਅਤੇ ਜਾਣਕਾਰੀ ਦੇ ਆਧਾਰ ‘ਤੇ ਉਨ੍ਹਾਂ ਨੂੰ ਇਹ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ।
ਕੰਪਨੀ ਨੇ ਪਹਿਲਾਂ ਹੀ ਆਪਣਾ ਪੱਖ ਰੱਖਿਆ
ਦੂਜੇ ਪਾਸੇ ਕੰਪਨੀ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਚੁੱਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸਾਲ 2018 ਵਿੱਚ ਚੰਡੀਗੜ੍ਹ ਦੇ ਕਾਰੋਬਾਰੀ ਨਾਲ ਹੋਏ ਸਮਝੌਤੇ ਵਿੱਚ ਸਲਮਾਨ ਖਾਨ ਦੀ ਕੋਈ ਸਿੱਧੀ ਭੂਮਿਕਾ ਨਹੀਂ ਸੀ। ਕੰਪਨੀ ਮੁਤਾਬਕ ਜਿਊਲਰੀ ਦਾ ਕਾਰੋਬਾਰ ਬ੍ਰਾਂਡ ਲਾਇਸੈਂਸ ਸਮਝੌਤੇ ਤਹਿਤ ਸਟਾਈਲ ਐਂਡ ਕੰਟੈਂਟ ਜਿਊਲਰੀ ਪ੍ਰਾਈਵੇਟ ਲਿਮਿਟੇਡ ਵੱਲੋਂ ਸੁਤੰਤਰ ਰੂਪ ਵਿੱਚ ਚਲਾਇਆ ਜਾ ਰਿਹਾ ਸੀ।
ਕੰਪਨੀ ਨੇ ਇਹ ਵੀ ਦੱਸਿਆ ਕਿ ਸਾਲ 2015 ਵਿੱਚ ਸਲਮਾਨ ਖਾਨ ਫਾਊਂਡੇਸ਼ਨ ਨੇ ਬੀਇੰਗ ਹਿਊਮਨ ਬ੍ਰਾਂਡ ਦੀ ਵਰਤੋਂ ਦਾ ਲਾਇਸੈਂਸ ਸਟਾਈਲ ਐਂਡ ਕੰਟੈਂਟ ਜਿਊਲਰੀ ਪ੍ਰਾਈਵੇਟ ਲਿਮਿਟੇਡ ਨੂੰ ਦਿੱਤਾ ਸੀ। ਗਹਿਣਿਆਂ ਦੇ ਕਾਰੋਬਾਰ ਦੀ ਸੰਚਾਲਨਾ, ਮਾਰਕੀਟਿੰਗ ਅਤੇ ਵਿਕਰੀ ਦੀ ਪੂਰੀ ਜ਼ਿੰਮੇਵਾਰੀ ਉਸੇ ਕੰਪਨੀ ਦੀ ਸੀ।
ਫਿਲਹਾਲ ਅਦਾਲਤ ਨੇ ਸਲਮਾਨ ਖਾਨ, ਅਲਵੀਰਾ ਖਾਨ ਅਤੇ ਕੰਪਨੀ ਦੇ ਹੋਰ ਸਬੰਧਤ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
