ਸਰਕਾਰ ਦੀ ਸਖ਼ਤੀ ਦਾ ਅਸਰ, ਖੰਡ ਦੇ ਰੇਟ 68 ਤੋਂ ਘਟ ਕੇ 55 ਰੁਪਏ ਤੇ ਪਿਆਜ਼ ਵੀ ਹੋਇਆ ਸਸਤਾ
ਸਰਕਾਰ ਦਾ ਮੰਨਣਾ ਹੈ ਕਿ ਖਰਾਬ ਮੌਸਮ ਕਾਰਨ ਖੰਡ ਦੇ ਉਤਪਾਦਨ ਵਿੱਚ ਕਮੀ ਦੀਆਂ ਚਿੰਤਾਵਾਂ ਅਤੇ ਕੁਝ ਜਮ੍ਹਾਂਖੋਰਾਂ ਵੱਲੋਂ ਬਣਾਈ ਗਈ ਕਥਿਤ ਨਕਲੀ ਘਾਟ ਕਾਰਨ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ।

ਨਵੀਂ ਦਿੱਲੀ
ਬਿਊਰੋ ਰਿਪੋਰਟ
ਖੰਡ ਅਤੇ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਵਿਚਾਲੇ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦਾ ਅਸਰ ਹੁਣ ਬਾਜ਼ਾਰ ਵਿੱਚ ਦਿਖਾਈ ਦੇਣ ਲੱਗਾ ਹੈ। ਖੰਡ ਦੇ ਭਾਅ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਵੱਡੀ ਕਮੀ ਦਰਜ ਕੀਤੀ ਗਈ ਹੈ। ਐਕਸ-ਮਿਲ ਕੀਮਤ, ਜੋ ਇੱਕ ਹਫ਼ਤਾ ਪਹਿਲਾਂ 68 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ, ਹੁਣ ਘਟ ਕੇ 53 ਤੋਂ 55 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਆ ਗਈ ਹੈ। ਮਹਾਰਾਸ਼ਟਰ ਵਿੱਚ ਇਹ ਰੇਟ 51 ਤੋਂ 52 ਰੁਪਏ, ਜਦਕਿ ਕੋਲਕਾਤਾ ਵਿੱਚ ਥੋਕ ਕੀਮਤ ਲਗਭਗ 53 ਰੁਪਏ ਪ੍ਰਤੀ ਕਿਲੋਗ੍ਰਾਮ ਦੱਸੀ ਜਾ ਰਹੀ ਹੈ।
ਹਾਲਾਂਕਿ, ਖੰਡ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਦਾ ਪੂਰਾ ਫਾਇਦਾ ਹਾਲੇ ਆਮ ਖਪਤਕਾਰਾਂ ਨੂੰ ਨਹੀਂ ਮਿਲਿਆ ਹੈ। ਆਉਣ ਵਾਲੇ ਦਿਨਾਂ ਵਿੱਚ ਦਰਾਮਦ ਕੀਤੀ ਖੰਡ ਦੀਆਂ ਖੇਪਾਂ ਦੇਸ਼ ਵਿੱਚ ਪਹੁੰਚਣ, ਬੰਦਰਗਾਹਾਂ ’ਤੇ ਪਈ ਖੰਡ ਨੂੰ ਬਾਜ਼ਾਰ ਵਿੱਚ ਜਾਰੀ ਕਰਨ ਅਤੇ ਘਰੇਲੂ ਕੋਟੇ ਦੀ ਵਧੀ ਹੋਈ ਸਪਲਾਈ ਨਾਲ ਕੀਮਤਾਂ ’ਤੇ ਹੋਰ ਦਬਾਅ ਬਣਨ ਦੀ ਉਮੀਦ ਹੈ।
10 ਲੱਖ ਟਨ ਕੱਚੀ ਖੰਡ ਦੀ ਦਰਾਮਦ ਦੀ ਤਿਆਰੀ
ਸਰਕਾਰ ਦਾ ਮੰਨਣਾ ਹੈ ਕਿ ਖਰਾਬ ਮੌਸਮ ਕਾਰਨ ਖੰਡ ਦੇ ਉਤਪਾਦਨ ਵਿੱਚ ਕਮੀ ਦੀਆਂ ਚਿੰਤਾਵਾਂ ਅਤੇ ਕੁਝ ਜਮ੍ਹਾਂਖੋਰਾਂ ਵੱਲੋਂ ਬਣਾਈ ਗਈ ਕਥਿਤ ਨਕਲੀ ਘਾਟ ਕਾਰਨ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ। ਇਸ ਨੂੰ ਕਾਬੂ ਕਰਨ ਲਈ ਸਰਕਾਰ ਨੇ 10 ਲੱਖ ਟਨ ਕੱਚੀ ਖੰਡ ਡਿਊਟੀ-ਮੁਕਤ ਦਰਾਮਦ ਕਰਨ ਦੀ ਤਿਆਰੀ ਕੀਤੀ ਹੈ।
ਕਰੀਬ 80 ਹਜ਼ਾਰ ਟਨ ਦੀਆਂ ਚਾਰ ਖੇਪਾਂ ਪਹਿਲਾਂ ਹੀ ਨਿਰਯਾਤਕ ਦੇਸ਼ਾਂ ਦੀਆਂ ਬੰਦਰਗਾਹਾਂ ਤੋਂ ਰਵਾਨਾ ਹੋ ਚੁੱਕੀਆਂ ਹਨ ਅਤੇ ਜਲਦ ਭਾਰਤ ਪਹੁੰਚਣ ਦੀ ਉਮੀਦ ਹੈ। ਇਨ੍ਹਾਂ ਖੇਪਾਂ ਨੂੰ ਰਿਫਾਈਨ ਕਰਨ ਤੋਂ ਬਾਅਦ ਘਰੇਲੂ ਬਾਜ਼ਾਰ ਵਿੱਚ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 3 ਤੋਂ 4 ਲੱਖ ਟਨ ਖੰਡ ਪਹਿਲਾਂ ਹੀ ਭਾਰਤੀ ਬੰਦਰਗਾਹਾਂ ’ਤੇ ਮੌਜੂਦ ਹੈ ਅਤੇ ਇਸ ਦੀ ਰਿਫਾਈਨਿੰਗ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ।
ਖੰਡ ਦੀ ਸਪਲਾਈ ਵਧਾਉਣ ਲਈ ਨਵੇਂ ਨਿਰਦੇਸ਼
ਸਰਕਾਰ ਨੇ ਅਗਸਤ ਮਹੀਨੇ ਲਈ ਤੈਅ ਕੀਤਾ ਪਰ ਹਾਲੇ ਤੱਕ ਜਾਰੀ ਨਾ ਕੀਤਾ ਗਿਆ ਖੰਡ ਕੋਟਾ ਵੀ ਬਾਜ਼ਾਰ ਵਿੱਚ ਉਤਾਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਨਾਲ ਬਾਜ਼ਾਰ ਵਿੱਚ ਖੰਡ ਦੀ ਉਪਲਬਧਤਾ ਵਧੇਗੀ ਅਤੇ ਕੀਮਤਾਂ ’ਤੇ ਕਾਬੂ ਪਾਉਣ ਵਿੱਚ ਮਦਦ ਮਿਲ ਸਕਦੀ ਹੈ।
ਇਸ ਤੋਂ ਇਲਾਵਾ ਖੰਡ ਡੀਲਰਾਂ ਲਈ 30 ਨਵੰਬਰ ਤੱਕ ਵੱਧ ਤੋਂ ਵੱਧ 400 ਟਨ ਸਟਾਕ ਰੱਖਣ ਦੀ ਹੱਦ ਤੈਅ ਕੀਤੀ ਗਈ ਹੈ। 1 ਸਤੰਬਰ ਤੋਂ ਵੱਡੇ ਥੋਕ ਖਪਤਕਾਰ ਵੀ 15 ਦਿਨਾਂ ਦੀ ਲੋੜ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ।
ਸਟਾਕ ਦੀ ਨਿਗਰਾਨੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਥਾਵਾਂ ’ਤੇ ਜਾਂਚ ਅਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਸਰਕਾਰੀ ਕਾਰਵਾਈ ਕਾਰਨ ਵੱਡਾ ਸਟਾਕ ਰੱਖ ਕੇ ਕੀਮਤਾਂ ਵਧਣ ਦੀ ਉਡੀਕ ਕਰ ਰਹੇ ਕਾਰੋਬਾਰੀਆਂ ’ਤੇ ਵੀ ਦਬਾਅ ਵਧਿਆ ਹੈ।
ਪਿਆਜ਼ ਦੀ ਕੀਮਤ ਵੀ 3 ਦਿਨਾਂ ਵਿੱਚ 8 ਰੁਪਏ ਘਟੀ
ਖੰਡ ਤੋਂ ਇਲਾਵਾ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ। ਦੇਸ਼ ਦੀ ਪ੍ਰਮੁੱਖ ਪਿਆਜ਼ ਮੰਡੀ ਨਾਸਿਕ ਵਿੱਚ ਸੋਮਵਾਰ ਨੂੰ ਪਿਆਜ਼ ਦੀ ਕੀਮਤ ਕਰੀਬ 50 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਬੁੱਧਵਾਰ ਤੱਕ ਇਹ ਘਟ ਕੇ 42 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਤਰ੍ਹਾਂ ਸਿਰਫ਼ ਤਿੰਨ ਦਿਨਾਂ ਵਿੱਚ ਪਿਆਜ਼ ਲਗਭਗ 8 ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ ਹੋ ਗਿਆ।
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਮੁਤਾਬਕ ਦੇਸ਼ ਵਿੱਚ ਪਿਆਜ਼ ਦੀ ਕੋਈ ਕਮੀ ਨਹੀਂ ਹੈ ਅਤੇ ਘਰੇਲੂ ਮੰਗ ਪੂਰੀ ਕਰਨ ਲਈ ਕਾਫ਼ੀ ਸਟਾਕ ਮੌਜੂਦ ਹੈ। ਇਸ ਸਾਲ ਪਿਆਜ਼ ਦਾ ਉਤਪਾਦਨ 30.737 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ 30.767 ਮਿਲੀਅਨ ਟਨ ਦੇ ਲਗਭਗ ਬਰਾਬਰ ਹੈ।
ਸਰਕਾਰ 35 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਪਿਆਜ਼
ਬਾਜ਼ਾਰ ਵਿੱਚ ਪਿਆਜ਼ ਦੀ ਸਪਲਾਈ ਵਧਾਉਣ ਲਈ ਸਰਕਾਰ ਬਫਰ ਸਟਾਕ ਦੀ ਵਰਤੋਂ ਵੀ ਕਰ ਰਹੀ ਹੈ। ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਕਰੀਬ 1.20 ਲੱਖ ਟਨ ਦੇ ਬਫਰ ਸਟਾਕ ਵਿੱਚੋਂ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਉਪਲਬਧ ਕਰਵਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਦਰਾਮਦ, ਸਟਾਕ ਦੀ ਸੀਮਾ ਅਤੇ ਬਾਜ਼ਾਰ ਵਿੱਚ ਵਾਧੂ ਸਪਲਾਈ ਵਰਗੇ ਕਦਮ ਚੁੱਕੇ ਜਾਣ ਤੋਂ ਬਾਅਦ ਖੰਡ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਨਰਮੀ ਆਈ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਰਾਹਤ ਆਮ ਖਪਤਕਾਰਾਂ ਤੱਕ ਕਿੰਨੀ ਪਹੁੰਚਦੀ ਹੈ, ਇਸ ’ਤੇ ਸਭ ਦੀ ਨਜ਼ਰ ਰਹੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
