ਬਾਬਾ ਫਰੀਦ ਜੀ ਦੀ ਨਗਰੀ ਨੂੰ ਸਾਫ਼ ਰੱਖਣ ਲਈ ਫੋਟੋਗ੍ਰਾਫਰਾਂ ਨੇ ਚੁੱਕਿਆ ਬੀੜਾ, ਕੂੜੇ ਵਾਲੀ ਥਾਂ ’ਤੇ ਪਾਰਕ ਬਣਾਉਣ ਦੀ ਤਿਆਰੀ
ਬਾਬਾ ਫਰੀਦ ਜੀ ਦੀ ਪਾਵਨ ਨਗਰੀ ਫਰੀਦਕੋਟ ਵਿੱਚ ਸਫ਼ਾਈ ਨੂੰ ਲੈ ਕੇ ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਸਮਾਜਿਕ ਸੰਸਥਾਵਾਂ ਨੇ ਵਿਲੱਖਣ ਪਹਿਲ ਕੀਤੀ ਹੈ।

ਫਰੀਦਕੋਟ
ਸੁਖਜਿੰਦਰ ਸਹੋਤਾ
ਬਾਬਾ ਫਰੀਦ ਜੀ ਦੀ ਪਾਵਨ ਨਗਰੀ ਫਰੀਦਕੋਟ ਵਿੱਚ ਸਫ਼ਾਈ ਨੂੰ ਲੈ ਕੇ ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਸਮਾਜਿਕ ਸੰਸਥਾਵਾਂ ਨੇ ਵਿਲੱਖਣ ਪਹਿਲ ਕੀਤੀ ਹੈ। ਸ਼ਹਿਰ ਵਿੱਚ ਬਾਬਾ ਫਰੀਦ ਸਾਹਿਬ ਨੂੰ ਜਾਣ ਵਾਲੇ ਰਸਤੇ ਅਤੇ ਆਸ-ਪਾਸ ਕੂੜੇ ਦੇ ਲੱਗੇ ਢੇਰਾਂ ਕਾਰਨ ਸ਼ਰਧਾਲੂਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੇਖਦਿਆਂ ਫੋਟੋਗ੍ਰਾਫਰ ਭਾਈਚਾਰੇ ਨੇ ਖੁਦ ਅੱਗੇ ਆ ਕੇ ਸਫ਼ਾਈ ਮੁਹਿੰਮ ਚਲਾਈ ਅਤੇ ਕੂੜਾ ਚੁੱਕ ਕੇ ਥਾਂ ਨੂੰ ਸਾਫ਼ ਕੀਤਾ।
ਬਾਬਾ ਫਰੀਦ ਫੋਟੋਗ੍ਰਾਫੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਦੁਕਾਨਦਾਰਾਂ ਅਤੇ ਫੋਟੋਗ੍ਰਾਫਰਾਂ ਦੀ ਮੀਟਿੰਗ ਹੋਈ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਬਾਬਾ ਫਰੀਦ ਸਾਹਿਬ ਅਤੇ ਮਾਤਾ ਰਾਣੀ ਦੇ ਮੰਦਰ ਵੱਲ ਜਾਣ ਵਾਲੇ ਮੁੱਖ ਰਸਤੇ ’ਤੇ ਵੱਡੀ ਮਾਤਰਾ ਵਿੱਚ ਕੂੜਾ ਸੁੱਟਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਵੇਰੇ ਤੜਕੇ ਵੱਡੀ ਗਿਣਤੀ ਵਿੱਚ ਸੰਗਤ ਨੰਗੇ ਪੈਰੀਂ ਇਸ ਰਸਤੇ ਤੋਂ ਲੰਘਦੀ ਹੈ, ਜਿਸ ਕਾਰਨ ਕੂੜਾ ਅਤੇ ਗੰਦਗੀ ਕਾਰਨ ਸ਼ਰਧਾਲੂਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ।
ਫੋਟੋਗ੍ਰਾਫਰਾਂ ਨੇ ਖੁਦ ਸੰਭਾਲੀ ਸਫ਼ਾਈ ਦੀ ਜ਼ਿੰਮੇਵਾਰੀ
ਰਵੀ ਕੁਮਾਰ ਮੁਤਾਬਕ ਫੋਟੋਗ੍ਰਾਫਰ ਭਾਈਚਾਰੇ ਅਤੇ ਮਾਰਕੀਟ ਦੇ ਲੋਕਾਂ ਨੇ ਮਿਲ ਕੇ ਪਹਿਲਾਂ ਇਸ ਥਾਂ ਦੀ ਸਫ਼ਾਈ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਕਿਲ੍ਹੇ ਦੇ ਨੇੜੇ ਅਤੇ ਬਾਬਾ ਫਰੀਦ ਸਕੂਲ ਦੇ ਆਸ-ਪਾਸ ਵੀ ਸਫ਼ਾਈ ਮੁਹਿੰਮ ਚਲਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਬਾਬਾ ਫਰੀਦ ਜੀ ਦੇ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਲੰਗਰ ਦੀ ਸੇਵਾ ਵੀ ਜਾਰੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਮੇਲੇ ਦੌਰਾਨ ਵੀ ਲੰਗਰ ਦੀ ਸੇਵਾ ਜਾਰੀ ਰਹੇਗੀ।
ਰੋਟਰੀ ਕਲੱਬ ਨੇ ਐਸੋਸੀਏਸ਼ਨ ਨੂੰ ਦਿੱਤਾ ਸਨਮਾਨ
ਰੋਟਰੀ ਕਲੱਬ ਦੇ ਸਕੱਤਰ ਕੇ.ਪੀ. ਸਿੰਘ ਨੇ ਫੋਟੋਗ੍ਰਾਫਰ ਭਾਈਚਾਰੇ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਸਨ, ਜਿਨ੍ਹਾਂ ਨੂੰ ਐਸੋਸੀਏਸ਼ਨ ਦੇ ਮੈਂਬਰਾਂ ਨੇ ਮਿਲ ਕੇ ਸਾਫ਼ ਕੀਤਾ।
ਉਨ੍ਹਾਂ ਫਰੀਦਕੋਟ ਦੀਆਂ ਹੋਰ ਸਮਾਜਿਕ ਸੰਸਥਾਵਾਂ ਅਤੇ ਐਨਜੀਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਫਰੀਦਕੋਟ ਬਾਬਾ ਫਰੀਦ ਜੀ ਦੀ ਨਗਰੀ ਹੈ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਰੋਟਰੀ ਕਲੱਬ ਵੱਲੋਂ ਫੋਟੋਗ੍ਰਾਫਰ ਐਸੋਸੀਏਸ਼ਨ ਨੂੰ ਉਨ੍ਹਾਂ ਦੀ ਸੇਵਾ ਲਈ ਸਨਮਾਨਿਤ ਵੀ ਕੀਤਾ ਗਿਆ। ਕੇ.ਪੀ. ਸਿੰਘ ਨੇ ਕਿਹਾ ਕਿ ਇਸ ਦਾ ਮਕਸਦ ਹੋਰ ਲੋਕਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਹੈ।
ਕੂੜੇ ਵਾਲੀ ਥਾਂ ’ਤੇ ਬਣੇਗਾ ਪਾਰਕ
ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਹੁਣ ਇਸ ਥਾਂ ਨੂੰ ਦੁਬਾਰਾ ਕੂੜੇ ਦਾ ਡੰਪ ਬਣਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੀ ਯੋਜਨਾ ਹੈ ਕਿ ਇੱਥੇ ਇੱਕ ਸੁੰਦਰ ਪਾਰਕ ਤਿਆਰ ਕੀਤਾ ਜਾਵੇ।
ਇਸ ਲਈ ਬੈਠਣ ਵਾਸਤੇ ਸੀਟਾਂ, ਗਮਲੇ ਅਤੇ ਪੌਦੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੋਟਰੀ ਕਲੱਬ ਵੱਲੋਂ ਵੀ ਪਾਰਕ ਲਈ ਕੁਝ ਸੀਟਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਲੇ ਤੱਕ ਇਸ ਥਾਂ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ।
ਲੰਗਰ ਲਈ ਵੀ ਮਿਲ ਰਿਹਾ ਸਹਿਯੋਗ
ਐਸੋਸੀਏਸ਼ਨ ਨੇ ਦੱਸਿਆ ਕਿ ਗੁਰੂ ਨਾਨਕ ਟੈਂਟ ਹਾਊਸ ਵੱਲੋਂ ਲੰਗਰ ਲਈ ਟੈਂਟ ਮੁਫ਼ਤ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੰਗਰ ਜਿੰਨੇ ਸਮੇਂ ਤੱਕ ਚੱਲੇਗਾ, ਟੈਂਟ ਹਾਊਸ ਵੱਲੋਂ ਇਸ ਲਈ ਕੋਈ ਕਿਰਾਇਆ ਨਹੀਂ ਲਿਆ ਜਾ ਰਿਹਾ।
ਫੋਟੋਗ੍ਰਾਫਰ ਐਸੋਸੀਏਸ਼ਨ ਨੇ ਰੋਟਰੀ ਕਲੱਬ, ਸਮਾਜਿਕ ਸੰਸਥਾਵਾਂ, ਪ੍ਰੈੱਸ ਅਤੇ ਸਹਿਯੋਗ ਦੇਣ ਵਾਲੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸਮਾਜ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਜਦੋਂ ਸਮਾਜ ਵੱਲੋਂ ਹੌਸਲਾ ਅਤੇ ਸਨਮਾਨ ਮਿਲਦਾ ਹੈ ਤਾਂ ਸੇਵਾ ਕਰਨ ਦਾ ਜਜ਼ਬਾ ਹੋਰ ਵਧਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਫਰੀਦ ਜੀ ਦੀ ਪਾਵਨ ਨਗਰੀ ਨੂੰ ਸਾਫ਼-ਸੁਥਰਾ ਰੱਖਣ ਲਈ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ ਅਤੇ ਕੂੜਾ ਇੱਧਰ-ਉੱਧਰ ਸੁੱਟਣ ਦੀ ਬਜਾਏ ਸਫ਼ਾਈ ਪ੍ਰਤੀ ਜਾਗਰੂਕਤਾ ਦਿਖਾਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
