ਪੰਜਾਬ ’ਚ ਨਾਨ-ਡੇਅਰੀ ਪਨੀਰ ਖਿਲਾਫ਼ ਸਰਕਾਰ ਸਖ਼ਤ, ਬਣਾਉਣ ਤੋਂ ਵੇਚਣ ਤੱਕ ਇੱਕ ਸਾਲ ਲਈ ਲੱਗੀ ਪਾਬੰਦੀ

ਪੰਜਾਬ ’ਚ ਨਾਨ-ਡੇਅਰੀ ਪਨੀਰ ਖਿਲਾਫ਼ ਸਰਕਾਰ ਸਖ਼ਤ, ਬਣਾਉਣ ਤੋਂ ਵੇਚਣ ਤੱਕ ਇੱਕ ਸਾਲ ਲਈ ਲੱਗੀ ਪਾਬੰਦੀ

ਸੂਬੇ ਵਿੱਚ ਐਨਾਲੌਗ ਪਨੀਰ ਦੇ ਉਤਪਾਦਨ, ਭੰਡਾਰਨ, ਢੁਆਈ, ਸਪਲਾਈ, ਵੰਡ ਅਤੇ ਵਿਕਰੀ ’ਤੇ ਇੱਕ ਸਾਲ ਲਈ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਅਤੇ ਖੁਰਾਕ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਨਾਨ-ਡੇਅਰੀ ਯਾਨੀ ਐਨਾਲੌਗ ਪਨੀਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੂਬੇ ਵਿੱਚ ਐਨਾਲੌਗ ਪਨੀਰ ਦੇ ਉਤਪਾਦਨ, ਭੰਡਾਰਨ, ਢੁਆਈ, ਸਪਲਾਈ, ਵੰਡ ਅਤੇ ਵਿਕਰੀ ’ਤੇ ਇੱਕ ਸਾਲ ਲਈ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਸਬੰਧੀ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਵੱਲੋਂ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਦੀ ਧਾਰਾ 30(2)(ਏ) ਤਹਿਤ ਕੀਤੀ ਗਈ ਹੈ।

ਨਵੇਂ ਹੁਕਮ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਐਨਾਲੌਗ ਪਨੀਰ ਦਾ ਉਤਪਾਦਨ ਜਾਂ ਸਟਾਕ ਨਹੀਂ ਕਰ ਸਕੇਗਾ। ਇਸ ਦੀ ਇੱਕ ਥਾਂ ਤੋਂ ਦੂਜੀ ਥਾਂ ਢੁਆਈ, ਸਪਲਾਈ, ਵੰਡ ਅਤੇ ਵਿਕਰੀ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ।

ਜ਼ਿਲ੍ਹਿਆਂ ਵਿੱਚ ਜਾਂਚ ਮੁਹਿੰਮ ਤੇਜ਼ ਕਰਨ ਦੇ ਹੁਕਮ

ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਮੁਤਾਬਕ ਇਸ ਕਾਰਵਾਈ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣਾ ਹੈ।

ਜੁਆਇੰਟ ਫੂਡ ਕਮਿਸ਼ਨਰ ਅਮਿਤ ਜੋਸ਼ੀ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿੱਚ ਫੂਡ ਸੇਫਟੀ ਟੀਮਾਂ ਨੂੰ ਜਾਂਚ ਤੇ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਡੇਅਰੀ ਯੂਨਿਟਾਂ, ਪਨੀਰ ਫੈਕਟਰੀਆਂ, ਹੋਲਸੇਲਰਾਂ, ਰਿਟੇਲਰਾਂ, ਕੋਲਡ ਸਟੋਰਾਂ ਅਤੇ ਗੋਦਾਮਾਂ ਦੀ ਸਘਣ ਜਾਂਚ ਕੀਤੀ ਜਾਵੇਗੀ।

ਪਨੀਰ ਦੀ ਢੁਆਈ ਕਰਨ ਵਾਲੀਆਂ ਗੱਡੀਆਂ ਵੀ ਰਡਾਰ ’ਤੇ

ਵਿਭਾਗ ਵੱਲੋਂ ਪਨੀਰ ਦੀ ਟਰਾਂਸਪੋਰਟ ਕਰਨ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ। ਅਧਿਕਾਰੀ ਇਹ ਵੀ ਜਾਂਚਣਗੇ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਪਨੀਰ ਦੀ ਖਰੀਦ ਕਿੱਥੋਂ ਕੀਤੀ ਜਾ ਰਹੀ ਹੈ। ਇਸ ਲਈ ਖਰੀਦ ਨਾਲ ਜੁੜੇ ਰਿਕਾਰਡ ਵੀ ਚੈੱਕ ਕੀਤੇ ਜਾਣਗੇ।

ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਪੱਧਰਾਂ ’ਤੇ ਨਿਗਰਾਨੀ ਰੱਖੀ ਜਾਵੇਗੀ, ਤਾਂ ਜੋ ਐਨਾਲੌਗ ਪਨੀਰ ਦੇ ਉਤਪਾਦਨ, ਸਟੋਰੇਜ, ਸਪਲਾਈ ਜਾਂ ਵਿਕਰੀ ’ਤੇ ਲੱਗੀ ਪਾਬੰਦੀ ਦੀ ਉਲੰਘਣਾ ਨਾ ਹੋਵੇ।

ਸਰਕਾਰ ਦੇ ਇਸ ਫੈਸਲੇ ਨਾਲ ਐਨਾਲੌਗ ਪਨੀਰ ਤਿਆਰ ਕਰਨ ਵਾਲੀਆਂ ਇਕਾਈਆਂ ਤੋਂ ਲੈ ਕੇ ਇਸ ਦੀ ਸਪਲਾਈ ਅਤੇ ਵਿਕਰੀ ਨਾਲ ਜੁੜੇ ਥੋਕ ਤੇ ਪ੍ਰਚੂਨ ਕਾਰੋਬਾਰੀਆਂ ’ਤੇ ਵੀ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *