ਮਾਨਸਾ ਜੇਲ੍ਹ ਦੇ 69% ਕੈਦੀ ਓਓਏਟੀ ਇਲਾਜ ਨਾਲ ਜੁੜੇ, ਹਾਈ ਕੋਰਟ ਨੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਤੋਂ ਮੰਗੀ ਰਿਪੋਰਟ

ਮਾਨਸਾ ਜੇਲ੍ਹ ਦੇ 69% ਕੈਦੀ ਓਓਏਟੀ ਇਲਾਜ ਨਾਲ ਜੁੜੇ, ਹਾਈ ਕੋਰਟ ਨੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਤੋਂ ਮੰਗੀ ਰਿਪੋਰਟ

ਅਦਾਲਤ ਨੇ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਨਸ਼ਾ ਛੁਡਾਉਣ ਲਈ ਓਪਿਓਇਡ ਅਸਿਸਟਿਡ ਟ੍ਰੀਟਮੈਂਟ (ਓਓਏਟੀ) ਲੈ ਰਹੇ ਕੈਦੀਆਂ ਦਾ ਜੇਲ੍ਹਵਾਰ ਵੇਰਵਾ ਮੰਗਿਆ ਹੈ।

ਚੰਡੀਗੜ੍ਹ 

ਬਿਊਰੋ ਰਿਪੋਰਟ

ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੇ ਦੀ ਸਮੱਸਿਆ ਅਤੇ ਨਸ਼ਾ ਛੁਡਾਉਣ ਲਈ ਚੱਲ ਰਹੇ ਇਲਾਜ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਨਸ਼ਾ ਛੁਡਾਉਣ ਲਈ ਓਪਿਓਇਡ ਅਸਿਸਟਿਡ ਟ੍ਰੀਟਮੈਂਟ (ਓਓਏਟੀ) ਲੈ ਰਹੇ ਕੈਦੀਆਂ ਦਾ ਜੇਲ੍ਹਵਾਰ ਵੇਰਵਾ ਮੰਗਿਆ ਹੈ।

ਕਾਰਜਕਾਰੀ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਨੇ ਵਧੀਕ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਨੂੰ ਇਹ ਜਾਣਕਾਰੀ ਹਲਫ਼ਨਾਮੇ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ ਮਾਨਸਾ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਦੀ ਰਿਪੋਰਟ ਦੇ ਆਧਾਰ ’ਤੇ ਸਾਹਮਣੇ ਆਇਆ। ਰਿਪੋਰਟ ਮੁਤਾਬਕ ਮਾਨਸਾ ਜੇਲ੍ਹ ਵਿੱਚ 767 ਕੈਦੀ ਬੰਦ ਸਨ, ਜਿਨ੍ਹਾਂ ਵਿੱਚੋਂ 530 ਕੈਦੀ ਓਓਏਟੀ ਕਲੀਨਿਕ ਵਿੱਚ ਰਜਿਸਟਰਡ ਸਨ। ਇਹ ਗਿਣਤੀ ਜੇਲ੍ਹ ਦੇ ਕੁੱਲ ਕੈਦੀਆਂ ਦਾ ਲਗਭਗ 69 ਫ਼ੀਸਦੀ ਬਣਦੀ ਹੈ।

ਓਓਏਟੀ ਇਲਾਜ ਦੀ ਪ੍ਰਕਿਰਿਆ ਬਾਰੇ ਵੀ ਜਵਾਬ ਮੰਗਿਆ

ਹਾਈ ਕੋਰਟ ਨੇ ਓਓਏਟੀ ਕਲੀਨਿਕਾਂ ਵਿੱਚ ਕੈਦੀਆਂ ਦੀ ਰਜਿਸਟ੍ਰੇਸ਼ਨ ਲਈ ਅਪਣਾਈ ਜਾਣ ਵਾਲੀ ਮਿਆਰੀ ਕਾਰਜ ਪ੍ਰਣਾਲੀ ਬਾਰੇ ਵੀ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਣ ਲਈ ਕਿਹਾ ਗਿਆ ਹੈ ਕਿ ਨਸ਼ੇ ਦੇ ਆਦੀ ਕੈਦੀਆਂ ਨੂੰ ਹੌਲੀ-ਹੌਲੀ ਇਸ ਲਤ ਤੋਂ ਬਾਹਰ ਕੱਢਣ ਲਈ ਕਿਹੜੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ।

ਅਦਾਲਤ ਨੇ ਕੈਦੀਆਂ ਨੂੰ ਬਿਊਪ੍ਰੇਨੋਰਫਿਨ ਅਤੇ ਨੈਲੋਕਸੋਨ ਮੁਹੱਈਆ ਕਰਵਾਉਣ ਦੀ ਵਿਵਸਥਾ ਅਤੇ ਇਸ ਸਬੰਧੀ ਇਲਾਜ ਪ੍ਰਣਾਲੀ ਦਾ ਵੇਰਵਾ ਵੀ ਮੰਗਿਆ ਹੈ।

ਮਨੋਚਿਕਿਤਸਕਾਂ ਤੇ ਨਰਸਾਂ ਦੀ ਉਪਲਬਧਤਾ ਵੀ ਜਾਂਚ ਦੇ ਘੇਰੇ ’ਚ

ਅਦਾਲਤ ਨੇ ਪੰਜਾਬ ਦੀਆਂ ਜੇਲ੍ਹਾਂ ਅਤੇ ਨਿੱਜੀ ਓਪੀਓਇਡ ਇਲਾਜ ਕੇਂਦਰਾਂ ਵਿੱਚ ਮਨੋਚਿਕਿਤਸਕਾਂ, ਨਰਸਾਂ ਅਤੇ ਮਨੋ-ਸਮਾਜਿਕ ਸਹਾਇਤਾ ਦੀ ਉਪਲਬਧਤਾ ਬਾਰੇ ਵੀ ਸਵਾਲ ਕੀਤੇ ਹਨ। ਹਾਈ ਕੋਰਟ ਇਹ ਜਾਣਨਾ ਚਾਹੁੰਦੀ ਹੈ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਕੈਦੀਆਂ ਨੂੰ ਦਵਾਈਆਂ ਦੇ ਨਾਲ ਮਾਨਸਿਕ ਅਤੇ ਸਮਾਜਿਕ ਪੱਧਰ ’ਤੇ ਕਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ।

ਜੇਲ੍ਹ ਤੋਂ ਬਾਹਰ ਆਉਣ ਮਗਰੋਂ ਕੀ ਹੋਵੇਗਾ?

ਹਾਈ ਕੋਰਟ ਨੇ ਰਿਹਾਅ ਹੋਣ ਵਾਲੇ ਕੈਦੀਆਂ ਦੇ ਮੁੜ ਨਸ਼ੇ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਲਈ ਸਰਕਾਰ ਦੀ ਯੋਜਨਾ ਬਾਰੇ ਵੀ ਜਾਣਕਾਰੀ ਮੰਗੀ ਹੈ। ਅਦਾਲਤ ਨੇ ਪੁੱਛਿਆ ਹੈ ਕਿ ਰਿਹਾਈ ਤੋਂ ਬਾਅਦ ਕੈਦੀਆਂ ਦੇ ਇਲਾਜ, ਫਾਲੋਅਪ ਅਤੇ ਮੁੜ ਵਸੇਬੇ ਲਈ ਕੀ ਪ੍ਰਬੰਧ ਕੀਤੇ ਗਏ ਹਨ।

ਮਾਮਲੇ ਵਿੱਚ ਵਕੀਲ ਤਨੂ ਬੇਦੀ ਨੂੰ ਐਮੀਕਸ ਕਿਊਰੀ ਨਿਯੁਕਤ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਸਤੰਬਰ ਨੂੰ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *