DM ਗਗਨਦੀਪ ਰੰਧਾਵਾ ਮੌਤ ਮਾਮਲਾ: ਲਾਲਜੀਤ ਭੁੱਲਰ ਦੇ ਪਿਤਾ ਨੂੰ ਨਹੀਂ ਮਿਲੀ ਅਗਾਊਂ ਰਾਹਤ, ਹਾਈਕੋਰਟ ਨੇ ਮੰਗਿਆ ਕਾਲ ਰਿਕਾਰਡ
ਸੁਣਵਾਈ ਦੌਰਾਨ ਹਾਈਕੋਰਟ ਨੇ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਮ੍ਰਿਤਕ ਗਗਨਦੀਪ ਰੰਧਾਵਾ ਦੇ ਮੋਬਾਈਲ ਫੋਨ ਦੀ ਪੂਰੀ ਕਾਲ ਰਿਕਾਰਡਿੰਗ ਅਤੇ ਵੇਰਵੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ

ਚੰਡੀਗੜ੍ਹ
ਬਿਊਰੋ ਰਿਪੋਰਟ
ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ। ਸੁਣਵਾਈ ਦੌਰਾਨ ਹਾਈਕੋਰਟ ਨੇ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਮ੍ਰਿਤਕ ਗਗਨਦੀਪ ਰੰਧਾਵਾ ਦੇ ਮੋਬਾਈਲ ਫੋਨ ਦੀ ਪੂਰੀ ਕਾਲ ਰਿਕਾਰਡਿੰਗ ਅਤੇ ਵੇਰਵੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਇਹ ਸਪੱਸ਼ਟ ਕੀਤਾ ਜਾ ਸਕੇ ਕਿ ਸੰਬੰਧਤ ਸਮੇਂ ਦੌਰਾਨ ਉਸ ਨਾਲ ਕਿਹੜੇ-ਕਿਹੜੇ ਨੰਬਰਾਂ ਤੋਂ ਸੰਪਰਕ ਕੀਤਾ ਗਿਆ ਸੀ।
ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਮ੍ਰਿਤਕ ਦਾ ਮੋਬਾਈਲ ਫੋਨ ਇਸ ਵੇਲੇ ਫੋਰੈਂਸਿਕ ਜਾਂਚ ਲਈ ਐੱਫਐੱਸਐੱਲ (FSL) ਕੋਲ ਭੇਜਿਆ ਗਿਆ ਹੈ। ਸਰਕਾਰ ਵੱਲੋਂ ਅਦਾਲਤ ਨੂੰ ਭਰੋਸਾ ਦਿਵਾਇਆ ਗਿਆ ਕਿ 24 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਲੋੜੀਂਦੀ ਕਾਲ ਰਿਕਾਰਡਿੰਗ ਅਤੇ ਹੋਰ ਸੰਬੰਧਤ ਵੇਰਵੇ ਪੇਸ਼ ਕਰ ਦਿੱਤੇ ਜਾਣਗੇ। ਹਾਈਕੋਰਟ ਨੇ ਖ਼ਾਸ ਤੌਰ ‘ਤੇ 13 ਮਾਰਚ ਤੋਂ 21 ਮਾਰਚ ਤੱਕ ਦੀ ਪੂਰੀ ਕਾਲ ਹਿਸਟਰੀ ਅਤੇ ਰਿਕਾਰਡਿੰਗ ਤਲਬ ਕੀਤੀ ਹੈ।
ਸੁਖਦੇਵ ਸਿੰਘ ਭੁੱਲਰ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਉਕਤ ਸਮੇਂ ਦੌਰਾਨ ਮ੍ਰਿਤਕ ਗਗਨਦੀਪ ਰੰਧਾਵਾ ਨਾਲ ਟੈਲੀਫੋਨ ‘ਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਸੀ। ਇਸ ਦਲੀਲ ਨੂੰ ਧਿਆਨ ਵਿੱਚ ਰੱਖਦਿਆਂ ਹਾਈਕੋਰਟ ਨੇ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਕਰਨ ਲਈ ਸੰਬੰਧਤ ਸਮੇਂ ਦੀ ਪੂਰੀ ਕਾਲ ਰਿਕਾਰਡਿੰਗ ਅਤੇ ਵੇਰਵੇ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਇਸ ਮਾਮਲੇ ਵਿੱਚ ਇਹ ਵੀ ਧਿਆਨਯੋਗ ਹੈ ਕਿ ਸੁਖਦੇਵ ਸਿੰਘ ਭੁੱਲਰ ਅਤੇ ਲਾਲਜੀਤ ਸਿੰਘ ਭੁੱਲਰ ਦੇ ਨਿੱਜੀ ਸਹਾਇਕ (ਪੀਏ) ਦਿਲਬਾਗ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਾਂਚ ਏਜੰਸੀਆਂ ਵੱਲੋਂ ਦੋਵਾਂ ਸਬੰਧੀ ਜਾਂਚ ਜਾਰੀ ਹੈ ਅਤੇ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਤਫ਼ਤੀਸ਼ ਅੱਗੇ ਵਧਾਈ ਜਾ ਰਹੀ ਹੈ।
ਉੱਧਰ, ਸੁਖਦੇਵ ਸਿੰਘ ਭੁੱਲਰ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਵਿੱਚ ਅਦਾਲਤ ਅੱਗੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਹ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
