ਆਲੂ ਉਤਪਦਕਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੌਂਪਿਆ ਮੰਗ ਪੱਤਰ
ਸੁਖਜਿੰਦਰ ਸਹੋਤਾ
ਫਰੀਦਕੋਟ 25 ਅਗਸਤ 2026:
ਜਿਲ੍ਹਾ ਫਰੀਦਕੋਟ ਦੇ ਆਲੂ ਉਤਪਦਕਾਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਕਿਸਾਨ ਆਗੂ ਪਵਨਪ੍ਰੀਤ ਸਿੰਘ ਦੀ ਅਗਵਾਈ ਹੇਠ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ। ਇਸ ਮੌਕੇ ਗੱਲਬਾਤ ਕਰਦਿਆਂ ਪਵਨਪ੍ਰੀਤ ਸਿੰਘ ਨੇ ਦਸਿਆ ਕਿ ਪੰਜਾਬ ਦੇ ਕਿਸਾਨ ਲਗਭਗ 120000 ਹੈਕਟੇਅਰ ਵਿਚ ਆਲੂਆਂ ਦੀ ਖੇਤੀ ਕਰਦੇ ਹਨ।
ਇਹ ਕਿਸਾਨ ਇਸ ਤੋਂ ਪਹਿਲਾਂ ਥੋੜ੍ਹੇ ਸਮੇਂ ਵਿਚ ਤਿਆਰ ਹੋਣ ਵਾਲੀ ਬਾਸਮਤੀ ਦੀ ਫਸਲ ਬੀਜਦੇ ਹਨ, ਜਿਸ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ ਅਤੇ ਇਹ ਕਿਸਾਨਾਂ ਦਾ ਫਸਲੀ ਵਿਭਿੰਨਤਾ ਵੱਲ ਉਤਸ਼ਾਹਜਨਕ ਕਦਮ ਹੈ। ਪਰ ਕੇਂਦਰ ਅਤੇ ਰਾਜ ਸਰਕਾਰ ਵਲੋਂ ਇਹਨਾਂ ਆਲੂ ਉਤਪਾਦਕ ਕਿਸਾਨਾਂ ਦੀ ਸਾਰ ਨਹੀਂ ਲਈ ਜਾਂਦੀ। ਸਰਕਾਰਾਂ ਦੀ ਕਥਿਤ ਅਣਗਹਿਲੀ ਕਾਰਨ ਇਸਵਾਰ ਫਿਰ ਆਲੂ ਉਤਪਾਦਕ ਮੰਦੀ ਦਾ ਸ਼ਿਕਾਰ ਹਨ।
ਉਹਨਾਂ ਕਿਹਾ ਕਿ ਮੰਡੀ ਵਿਚ ਆਲੂ ਦਾ ਪੂਰਾ ਰੇਟ ਨਹੀਂ ਮਿਲ ਰਿਹਾ, ਜਿਸ ਕਾਰਨ ਲਾਗਤ ਮੁੱਲ ਵੀ ਪੂਰਾ ਨਹੀਂ ਹੋ ਰਿਹਾ ਅਤੇ ਕਿਸਾਨ ਕਰਜ਼ਾਈ ਹੋ ਰਹੇ ਹਨ।ਉਹਨਾਂ ਕਿਹਾ ਕਿ ਕਿਸਾਨਾਂ ਦਾ ਸਾਰਾ ਆਲੂ ਕੋਲਡ ਸਟੋਰਾਂ ਵਿਚ ਪਿਆ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਿਕ ਆਲੂਆਂ ਸਮੇਤ ਸਾਰੀਆਂ ਸਬਜ਼ੀਆਂ ਤੇ MSP ਨਿਰਧਾਰਿਤ ਕਰੇ ਤਾਂ ਜੋ ਪੰਜਾਬ ਦੇ ਨਾਲ ਨਾਲ ਪੂਰੇ ਦੇਸ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲ ਸਕੇ।
ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੇ ਨਾਮ ਉਹਨਾਂ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਉਹਨਾਂ ਨੂੰ ਆਸ ਹੈ ਕੇ ਸਰਕਾਰ ਕਿਸਾਨਾਂ ਦੀ ਮਦਦ ਜਰੂਰ ਕਰੇਗੀ। ਇਸ ਮੌਕੇ ਉਹਨਾਂ ਨਾਲ ਪਾਲ ਸਿੰਘ ਸਾਧਾਂ ਵਾਲਾ ਅਤੇ ਗੁਰਭੇਜ ਸਿੰਘ ਗੋਲੇਵਾਲਾ ਸਮੇਤ ਕਈ ਕਿਸਾਨ ਮੌਜੂਦ ਸਨ।
