ਸੀਐਮ ਮਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ, BJP ‘ਚ ਸ਼ਾਮਲ ਸਾਂਸਦਾਂ ਨੂੰ ਚੇਤਾਵਨੀ—ਕਿਹਾ ਬਚ ਨਹੀਂ ਸਕੋਗੇ

ਸੀਐਮ ਮਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ, BJP ‘ਚ ਸ਼ਾਮਲ ਸਾਂਸਦਾਂ ਨੂੰ ਚੇਤਾਵਨੀ—ਕਿਹਾ ਬਚ ਨਹੀਂ ਸਕੋਗੇ

ਇਸ ਦੌਰਾਨ ਸੀਐਮ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਰਾਸ਼ਟਰਪਤੀ ਨੂੰ ਦਿੱਤਾ ਗਿਆ, ਜਿਸ ‘ਤੇ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਦਰਜ ਸਨ।

ਦਿੱਲੀ

ਬਿਊਰੋ ਰਿਪੋਰਟ

ਪੰਜਾਬ ਦੇ 6 ਰਾਜ ਸਭਾ ਸਾਂਸਦਾਂ ਵੱਲੋਂ ਦਲ ਬਦਲ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੇ ਮਾਮਲੇ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਮਾਮਲਾ ਉਠਾਇਆ। ਉਨ੍ਹਾਂ ਨੇ ਸਾਂਸਦਾਂ ਦੇ ਦਲ ਬਦਲਣ ਨੂੰ ਗੈਰ-ਸੰਵਿਧਾਨਕ ਦੱਸਦੇ ਹੋਏ ਇਸ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਸੀਐਮ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਰਾਸ਼ਟਰਪਤੀ ਨੂੰ ਦਿੱਤਾ ਗਿਆ, ਜਿਸ ‘ਤੇ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਦਰਜ ਸਨ।

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਪੂਰੀ ਗੰਭੀਰਤਾ ਨਾਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੰਵਿਧਾਨ ਅਤੇ ਲੋਕਤੰਤਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਚਾਨਕ 7 ਸੰਸਦ ਮੈਂਬਰ ਇਕੱਠੇ ਹੋ ਕੇ ਇਹ ਐਲਾਨ ਕਰ ਦੇਣ ਕਿ ਉਹ ਹੁਣ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਇਹ ਲੋਕਤੰਤਰਕ ਮਰਯਾਦਾਵਾਂ ਦੇ ਖਿਲਾਫ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇਕਰ ਪਾਰਟੀ ਦਾ ਦੋ-ਤਿਹਾਈ ਹਿੱਸਾ ਇਕੱਠੇ ਹੋ ਕੇ ਰੈਜ਼ੋਲਿਊਸ਼ਨ ਪਾਸ ਕਰੇ ਤਾਂ ਹੀ ਦਲ ਬਦਲ ਜਾਇਜ਼ ਮੰਨਿਆ ਜਾ ਸਕਦਾ ਹੈ, ਨਹੀਂ ਤਾਂ ਇਹ ਗਲਤ ਹੈ।

ਸੀਐਮ ਨੇ ਸਵਾਲ ਖੜ੍ਹਾ ਕੀਤਾ ਕਿ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਵਲ 2 ਵਿਧਾਇਕ ਹਨ, ਤਾਂ ਰਾਜ ਸਭਾ ਵਿੱਚ 6 ਸਾਂਸਦ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਆਤਮਾ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ 95 ਵਿਧਾਇਕਾਂ ਵੱਲੋਂ ਹਸਤਾਖਰ ਕੀਤਾ ਗਿਆ ਮੰਗ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ ਗਿਆ ਹੈ, ਜਿਸ ਵਿੱਚ ਇਸ ਮਾਮਲੇ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸੀਐਮ ਮਾਨ ਨੇ ਅੱਗੇ ਕਿਹਾ ਕਿ ਸੰਵਿਧਾਨ ਵਿੱਚ ਰੀਕਾਲ ਦਾ ਪ੍ਰਬੰਧ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਵਿੱਚ ਪਹਿਲਾਂ ਵੀ ਕਈ ਵਾਰ ਸੋਧਾਂ ਕੀਤੀਆਂ ਗਈਆਂ ਹਨ ਅਤੇ ਹੁਣ ਇੱਕ ਹੋਰ ਸੋਧ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੀਆਂ ਸਥਿਤੀਆਂ ਨੂੰ ਰੋਕਿਆ ਜਾ ਸਕੇ।

ਬਾਗੀ ਸਾਂਸਦਾਂ ‘ਤੇ ਸੀਐਮ ਮਾਨ ਦਾ ਤਿੱਖਾ ਨਿਸ਼ਾਨਾ

ਸੀਐਮ ਮਾਨ ਨੇ ਬਾਗੀ ਸਾਂਸਦਾਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਰੀਕਾਲ ਦਾ ਮੁੱਦਾ ਪਹਿਲਾਂ ਵੀ ਵਿਧਾਨ ਸਭਾ ਵਿੱਚ ਚਰਚਾ ਵਿੱਚ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੁਣਿਆ ਗਿਆ ਨੁਮਾਇੰਦਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਦਾ, ਤਾਂ ਉਸਨੂੰ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਲੋਕਾਂ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਬਾਗੀ ਸਾਂਸਦਾਂ ਨੂੰ ਸਵਾਲ ਕੀਤਾ ਕਿ ਕੀ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰੇ ਹਨ।

ਸੀਐਮ ਨੇ ਕਿਹਾ ਕਿ ਜੇਕਰ ਬਾਗੀ ਸਾਂਸਦਾਂ ਵਿੱਚ ਸੱਚਮੁੱਚ ਹਿੰਮਤ ਹੁੰਦੀ, ਤਾਂ ਉਹ ਅਸਤੀਫ਼ਾ ਦੇ ਕੇ ਨਵਾਂ ਮੰਡੇਟ ਲੈਂਦੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹੀ ਲੋਕ ਭਾਜਪਾ ਨੂੰ ਗੁੰਡਾਗਰਦੀ ਅਤੇ ਪੈਸੇ ਦੀ ਰਾਜਨੀਤੀ ਵਾਲੀ ਪਾਰਟੀ ਕਹਿੰਦੇ ਸਨ, ਪਰ ਹੁਣ ਉਸੇ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸਾਫ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵਿਧਾਇਕਾਂ ਨੂੰ ਚੁਣਿਆ ਅਤੇ ਫਿਰ ਉਹਨਾਂ ਵਿਧਾਇਕਾਂ ਨੇ ਰਾਜ ਸਭਾ ਸਾਂਸਦ ਚੁਣੇ। ਇਹ ਪੂਰੀ ਪ੍ਰਕਿਰਿਆ ਲੋਕਤੰਤਰਕ ਫੈਸਲੇ ਦਾ ਹਿੱਸਾ ਹੈ, ਪਰ ਹੁਣ ਉਹੀ ਨੁਮਾਇੰਦੇ ਹੋਰ ਪਾਰਟੀ ਵਿੱਚ ਚਲੇ ਗਏ ਹਨ। ਸੀਐਮ ਮਾਨ ਨੇ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ ਅਤੇ ਪੰਜਾਬ ਦੇ ਲੋਕ ਅਜਿਹੀ ਗੱਦਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *