ਪੰਜਾਬ ਵਿੱਚ ਗਰਮੀ ਤੋਂ ਨਹੀਂ ਮਿਲੀ ਰਾਹਤ, ਪਾਰਾ 41 ਡਿਗਰੀ ਤੱਕ ਪਹੁੰਚਿਆ; ਜਾਣੋ ਕਦੋਂ ਤੇ ਕਿੱਥੇ ਹੋ ਸਕਦੀ ਹੈ ਬਾਰਿਸ਼
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼, ਗਰਜ-ਚਮਕ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ।

ਚੰਡੀਗੜ੍ਹ
ਬਿਊਰੋ ਰਿਪੋਰਟ
ਪੱਛਮੀ ਗੜਬੜੀ ਦਾ ਅਸਰ ਬਣਿਆ ਹੋਣ ਦੇ ਬਾਵਜੂਦ ਪੰਜਾਬ ਵਿੱਚ ਤਿੱਖੀ ਗਰਮੀ ਦਾ ਦੌਰ ਜਾਰੀ ਹੈ। ਬੀਤੇ ਦਿਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਇੱਕ ਵਾਰ ਫਿਰ 41 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਪਟਿਆਲਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼, ਗਰਜ-ਚਮਕ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਇਸ ਦੇ ਉਲਟ ਸੂਬੇ ਦੇ ਜ਼ਿਆਦਾਤਰ ਮੈਦਾਨੀ ਖੇਤਰਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਕੇਂਦਰ ਅਨੁਸਾਰ 27 ਜੂਨ, ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਗਰਜ-ਚਮਕ ਨਾਲ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਵਾਚ ਸ਼੍ਰੇਣੀ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਅਗਲੇ ਕੁਝ ਦਿਨਾਂ ਲਈ ਕੋਈ ਅਲਰਟ ਨਹੀਂ
ਮੌਸਮ ਵਿਭਾਗ ਨੇ ਦੱਸਿਆ ਕਿ 28 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਹਾਲੀ ਅਤੇ ਰੂਪਨਗਰ ਦੇ ਕੁਝ ਸਥਾਨਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦਿਨ ਲਈ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ਼ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
29 ਜੂਨ ਨੂੰ ਵੀ ਪੱਛਮੀ ਗੜਬੜੀ ਦਾ ਪ੍ਰਭਾਵ ਮੁੱਖ ਤੌਰ ’ਤੇ ਉੱਤਰ-ਪੂਰਬੀ ਪੰਜਾਬ ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਹਾਲੀ ਅਤੇ ਰੂਪਨਗਰ ਵਿੱਚ ਛਿਟ-ਪੁੱਟ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ।
30 ਜੂਨ ਨੂੰ ਵੀ ਮੌਸਮ ਦੇ ਹਾਲਾਤ ਲਗਭਗ ਇਸੇ ਤਰ੍ਹਾਂ ਬਣੇ ਰਹਿਣਗੇ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਹਾਲੀ ਅਤੇ ਰੂਪਨਗਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ, ਜਦਕਿ ਬਾਕੀ ਸੂਬੇ ਵਿੱਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਉੱਥੇ ਵੀ ਹਰ ਥਾਂ ਬਾਰਿਸ਼ ਨਹੀਂ ਹੋਵੇਗੀ। ਸਿਰਫ਼ ਕੁਝ ਥਾਵਾਂ ’ਤੇ ਹੀ ਹਲਕੀ ਜਾਂ ਛਿਟ-ਪੁੱਟ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ, ਜਦਕਿ ਵੱਡੇ ਹਿੱਸੇ ਵਿੱਚ ਮੌਸਮ ਖੁਸ਼ਕ ਹੀ ਬਣਿਆ ਰਹੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
