ਮਜੀਠਾ ਥਾਣਾ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਬਿਕਰਮ ਮਜੀਠੀਆ ਦੇ ਘਰ ਪਹੁੰਚੀ ਟੀਮ; 12 ਵਿਸ਼ੇਸ਼ ਦਸਤਿਆਂ ਵੱਲੋਂ ਛਾਪੇਮਾਰੀ ਜਾਰੀ
ਇਸੇ ਦੌਰਾਨ ਪੁਲਿਸ ਦੀ ਇੱਕ ਟੀਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਿਵਾਸ ਸਥਾਨ ’ਤੇ ਵੀ ਪਹੁੰਚੀ।

ਸ੍ਰੀ ਅਮ੍ਰਿਤਸਰ ਸਾਹਿਬ
ਬਿਊਰੋ ਰਿਪੋਰਟ
ਮਜੀਠਾ ਥਾਣੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਸਖ਼ਤ ਰੁਖ ਅਪਣਾਉਂਦਿਆਂ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ 12 ਵਿਸ਼ੇਸ਼ ਦਸਤੇ ਬਣਾਏ ਗਏ ਹਨ, ਜੋ ਵੱਖ-ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੇ ਹਨ। ਇਸੇ ਦੌਰਾਨ ਪੁਲਿਸ ਦੀ ਇੱਕ ਟੀਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਿਵਾਸ ਸਥਾਨ ’ਤੇ ਵੀ ਪਹੁੰਚੀ।
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਮਰਥਕ ਮਜੀਠਾ ਥਾਣੇ ਦੇ ਬਾਹਰ ਇਕੱਠੇ ਹੋਏ ਸਨ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਸਥਿਤੀ ਨੇ ਅਚਾਨਕ ਗੰਭੀਰ ਰੂਪ ਧਾਰ ਲਿਆ।
ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਨੂੰ ਥਾਣੇ ਦੀ ਹਿਰਾਸਤ ਵਿੱਚੋਂ ਜ਼ਬਰਦਸਤੀ ਛੁਡਵਾ ਲਿਆ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਅਤੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਪੁਲਿਸ ਵੱਲੋਂ ਬਣਾਏ ਗਏ ਵਿਸ਼ੇਸ਼ ਦਸਤੇ ਘਟਨਾ ਨਾਲ ਸਬੰਧਤ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਪੁਲਿਸ ਵੱਲੋਂ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
