ਪੰਜਾਬ ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਘੋਸ਼ਿਤ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ

ਪੰਜਾਬ ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਘੋਸ਼ਿਤ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ

ਮੈਰਿਟ ਸੂਚੀ ਦੇ ਟਾਪ-3 ਵਿੱਚੋਂ ਦੋ ਸਥਾਨ ਲੜਕੀਆਂ ਦੇ ਹਿੱਸੇ ਆਏ ਹਨ। ਪਹਿਲੇ ਅਤੇ ਤੀਜੇ ਸਥਾਨ ’ਤੇ ਵਿਦਿਆਰਥਣਾਂ ਨੇ ਕਬਜ਼ਾ ਕੀਤਾ ਹੈ, ਜਦਕਿ ਦੂਜੇ ਨੰਬਰ ’ਤੇ ਇੱਕ ਵਿਦਿਆਰਥੀ ਨੇ ਆਪਣੀ ਥਾਂ ਬਣਾਈ ਹੈ।

ਮੋਹਾਲੀ

ਬਿਊਰੋ ਰਿਪੋਰਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥਣਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣਾ ਦਬਦਬਾ ਕਾਇਮ ਰੱਖਿਆ ਹੈ। ਮੈਰਿਟ ਸੂਚੀ ਦੇ ਟਾਪ-3 ਵਿੱਚੋਂ ਦੋ ਸਥਾਨ ਲੜਕੀਆਂ ਦੇ ਹਿੱਸੇ ਆਏ ਹਨ। ਪਹਿਲੇ ਅਤੇ ਤੀਜੇ ਸਥਾਨ ’ਤੇ ਵਿਦਿਆਰਥਣਾਂ ਨੇ ਕਬਜ਼ਾ ਕੀਤਾ ਹੈ, ਜਦਕਿ ਦੂਜੇ ਨੰਬਰ ’ਤੇ ਇੱਕ ਵਿਦਿਆਰਥੀ ਨੇ ਆਪਣੀ ਥਾਂ ਬਣਾਈ ਹੈ।

ਇਸ ਵਾਰ ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਭਰ ਵਿੱਚ ਆਪਣਾ ਨਾਮ ਚਮਕਾਇਆ ਹੈ। ਇਸ ਤੋਂ ਬਾਅਦ ਰੂਪਨਗਰ ਦੇ ਮਨੀਮਹੇਸ਼ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਰੂਪਨਗਰ ਦੀ ਰੀਆ ਰਾਨੀ ਨੇ ਤੀਜਾ ਸਥਾਨ ਆਪਣੇ ਨਾਮ ਕੀਤਾ ਹੈ। ਇਸ ਸਾਲ ਕੁੱਲ 272 ਵਿਦਿਆਰਥੀਆਂ ਨੇ 10ਵੀਂ ਦੀ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਜਾਣੋ ਇਸ ਵਾਰ ਕਿੰਨੀ ਰਹੀ ਪਾਸ ਫ਼ੀਸਦੀ

ਇਸ ਸਾਲ 2,69,505 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਕਾਮਯਾਬ ਰਹੇ ਹਨ। ਇਸ ਤਰ੍ਹਾਂ ਕੁੱਲ ਪਾਸ ਫ਼ੀਸਦੀ 94.52 ਦਰਜ ਕੀਤੀ ਗਈ ਹੈ।

ਜੇਕਰ ਲੜਕੀਆਂ ਦੀ ਗੱਲ ਕਰੀਏ ਤਾਂ 1,27,753 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,22,595 ਵਿਦਿਆਰਥਣਾਂ ਨੇ ਸਫਲਤਾ ਹਾਸਲ ਕੀਤੀ ਹੈ। ਲੜਕੀਆਂ ਦੀ ਪਾਸ ਫ਼ੀਸਦੀ 95.96 ਦਰਜ ਕੀਤੀ ਗਈ ਹੈ। ਦੂਜੇ ਪਾਸੇ 1,41,746 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 1,32,143 ਵਿਦਿਆਰਥੀ ਪਾਸ ਹੋਏ ਹਨ। ਲੜਕਿਆਂ ਦੀ ਪਾਸ ਫ਼ੀਸਦੀ 93.23 ਰਹੀ ਹੈ। ਇਸ ਤੋਂ ਇਲਾਵਾ 6 ਟ੍ਰਾਂਸਜੈਂਡਰ ਵਿਦਿਆਰਥੀਆਂ ਨੇ ਵੀ ਪ੍ਰੀਖਿਆ ਵਿੱਚ ਹਿੱਸਾ ਲਿਆ ਅਤੇ ਸਾਰੇ ਹੀ ਵਿਦਿਆਰਥੀ ਪਾਸ ਹੋਏ ਹਨ।

ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਤਾਂ 92.28 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਪੇਂਡੂ ਖੇਤਰਾਂ ਵਿੱਚ 95.35 ਫ਼ੀਸਦੀ ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ ਹੈ।

ਜੇਕਰ ਸਕੂਲਾਂ ਦੇ ਅਧਾਰ ’ਤੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀਸਦੀ 94.45 ਦਰਜ ਕੀਤੀ ਗਈ ਹੈ। ਦੂਜੇ ਪਾਸੇ ਗੈਰ-ਸਰਕਾਰੀ ਯਾਨੀ ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ 95.97 ਰਹੀ ਹੈ।

ਟਾਪ-5 ਮੈਰਿਟ ਸੂਚੀ ਵਾਲੇ ਜ਼ਿਲ੍ਹੇ

ਮੈਰਿਟ ਸੂਚੀ ਵਿੱਚ ਸਭ ਤੋਂ ਵੱਧ ਨਾਮ ਦਰਜ ਕਰਵਾਉਣ ਵਾਲੇ ਟਾਪ-5 ਜ਼ਿਲ੍ਹਿਆਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ, ਸੰਗਰੂਰ ਅਤੇ ਜਲੰਧਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿਦਿਆਰਥੀ ਮੈਰਿਟ ਸੂਚੀ ਵਿੱਚ ਸਭ ਤੋਂ ਅੱਗੇ ਰਹੇ ਹਨ।

ਉੱਥੇ ਹੀ ਪਾਸ ਫ਼ੀਸਦੀ ਦੇ ਅਧਾਰ ’ਤੇ ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਸਭ ਤੋਂ ਵਧੀਆ ਨਤੀਜੇ ਦਰਜ ਕਰਵਾਏ ਹਨ।

Leave a Reply

Your email address will not be published. Required fields are marked *