ਅਬੋਹਰ ’ਚ ਪੰਜਾਬ ਪੁਲਿਸ ਦਾ ਮੁਲਾਜ਼ਮ ਨਸ਼ੀਲਾ ਪਦਾਰਥ ਲੈਂਦਾ ਕੈਮਰੇ ’ਚ ਕੈਦ, ਵੀਡੀਓ ਵਾਇਰਲ ਹੋਣ ਮਗਰੋਂ ਹੋਈ ਵੱਡੀ ਕਾਰਵਾਈ
ਵੀਡੀਓ ਸਾਹਮਣੇ ਆਉਣ ਮਗਰੋਂ ਫਾਜ਼ਿਲਕਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦਿਆਂ ਸੰਬੰਧਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸਦੇ ਖ਼ਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਅਬੋਹਰ
ਬਿਊਰੋ ਰਿਪੋਰਟ
ਅਬੋਹਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 112 ਹੈਲਪਲਾਈਨ ਦੀ ਸਰਕਾਰੀ ਗੱਡੀ ਵਿੱਚ ਮੌਜੂਦ ਇੱਕ ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਤੋਂ ਨਸ਼ੀਲਾ ਪਦਾਰਥ ਖਰੀਦਿਆ। ਵੀਡੀਓ ਸਾਹਮਣੇ ਆਉਣ ਮਗਰੋਂ ਫਾਜ਼ਿਲਕਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦਿਆਂ ਸੰਬੰਧਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸਦੇ ਖ਼ਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।
ਅਬੋਹਰ ਦੇ ਐਸਪੀ ਅਸ਼ਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਵੀਡੀਓ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਇਰਲ ਵੀਡੀਓ ਲਗਭਗ ਚਾਰ ਤੋਂ ਪੰਜ ਦਿਨ ਪੁਰਾਣੀ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਸਿਟੀ ਵਨ ਥਾਣਾ ਖੇਤਰ ਵਿੱਚ ਚੱਲ ਰਹੀ 112 ਹੈਲਪਲਾਈਨ ਗੱਡੀ ’ਤੇ ਲੋਕਲ ਰੈਂਕ ਦੇ ਏਐਸਆਈ ਪਲਵਿੰਦਰ ਸਿੰਘ ਦੀ ਤਾਇਨਾਤੀ ਸੀ। ਦੋਸ਼ ਹੈ ਕਿ ਉਸ ਨੇ ਆਪਣੇ ਦੋ ਜਾਣਕਾਰਾਂ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਉਨ੍ਹਾਂ ਤੋਂ 500 ਰੁਪਏ ਦੇ ਬਦਲੇ ਨਸ਼ੀਲੀ ਵਸਤੂ ਹਾਸਲ ਕੀਤੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸਦੇ ਸਾਥੀਆਂ ਸਮੇਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਕਰੀਬ 12 ਸਕਿੰਟ ਦੀ ਵੀਡੀਓ ਵਿੱਚ ਸੜਕ ਕਿਨਾਰੇ ਖੜ੍ਹੀ ਪੰਜਾਬ ਪੁਲਿਸ ਦੀ 112 ਗੱਡੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਪਹੁੰਚਦੇ ਹਨ ਅਤੇ ਗੱਡੀ ਕੋਲ ਰੁਕ ਜਾਂਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੱਡੀ ਕੋਲ ਖੜ੍ਹਾ ਵਿਅਕਤੀ ਏਐਸਆਈ ਪਲਵਿੰਦਰ ਸਿੰਘ ਹੈ। ਵੀਡੀਓ ਵਿੱਚ ਬਾਈਕ ਸਵਾਰ ਨੌਜਵਾਨ ਇੱਕ ਵਿਅਕਤੀ ਨੂੰ ਕੁਝ ਦਿੰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੀਲੇ ਪਦਾਰਥ ਸਨ, ਜੋ 500 ਰੁਪਏ ਵਿੱਚ ਖਰੀਦੇ ਗਏ। ਘਟਨਾ ਦੌਰਾਨ ਕਈ ਲੋਕਾਂ ਦੀ ਆਵਾਜਾਈ ਵੀ ਦਿਖਾਈ ਦੇ ਰਹੀ ਹੈ। ਨੇੜੇ ਮੌਜੂਦ ਕਿਸੇ ਵਿਅਕਤੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਮਾਮਲੇ ਸਬੰਧੀ ਐਸਪੀ ਅਸ਼ਵੰਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਫਾਜ਼ਿਲਕਾ 112 ਹੈਲਪਲਾਈਨ ਨੰਬਰ 408 ’ਤੇ ਤਾਇਨਾਤ ਏਐਸਆਈ ਪਲਵਿੰਦਰ ਸਿੰਘ ਨੇ ਆਪਣੇ ਸਾਥੀ ਜਸ਼ਨ ਨੂੰ ਫ਼ੋਨ ਕਰਕੇ ਮੌਕੇ ’ਤੇ ਬੁਲਾਇਆ ਸੀ। ਇਸ ਤੋਂ ਬਾਅਦ ਉਸ ਨੇ ਇੱਕ ਨੌਜਵਾਨ ਤੋਂ 500 ਰੁਪਏ ਵਿੱਚ ਨਸ਼ੀਲਾ ਪਦਾਰਥ ਖਰੀਦਿਆ। ਜਾਂਚ ਮਗਰੋਂ ਪੁਲਿਸ ਵਿਭਾਗ ਵੱਲੋਂ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੱਕ ਨੌਜਵਾਨ ਜਸ਼ਨ ਦੀ ਪਛਾਣ ਹੋ ਚੁੱਕੀ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ।
