ਲੁਧਿਆਣਾ ’ਚ ਦਿਲ ਦਹਲਾ ਦੇਣ ਵਾਲੀ ਘਟਨਾ, ਰਿਟਾਇਰ ਫੌਜੀ ਨੇ ਪੁੱਤ ਨੂੰ ਗੋਲੀ ਮਾਰ ਕੀਤੀ ਹੱਤਿਆ; ਬਾਅਦ ’ਚ ਖੁਦ ਵੀ ਨਿਗਲਿਆ ਜ਼ਹਿਰ
ਇਹ ਵਾਰਦਾਤ ਦੇਰ ਰਾਤ ਉਸ ਵੇਲੇ ਵਾਪਰੀ ਜਦੋਂ ਰਿਟਾਇਰ ਫੌਜੀ ਸੁਰਿੰਦਰ ਸਿੰਘ ਨੇ ਆਪਣੀ ਲਾਇਸੈਂਸੀ 12 ਬੋਰ ਦੀ ਦੁਨਾਲੀ ਨਾਲ ਪਹਿਲਾਂ ਆਪਣੇ ਪੁੱਤ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਵੀ ਜ਼ਹਿਰ ਖਾ ਲਿਆ।

ਲੁਧਿਆਣਾ
ਬਿਊਰੋ ਰਿਪੋਰਟ
ਲੁਧਿਆਣਾ ਦੇ ਨਿਊ ਅਗਰ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਸੇਵਾ ਮੁਕਤ ਫੌਜੀ ਵੱਲੋਂ ਆਪਣੇ ਹੀ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਖੁਦ ਵੀ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ। ਇਹ ਵਾਰਦਾਤ ਦੇਰ ਰਾਤ ਉਸ ਵੇਲੇ ਵਾਪਰੀ ਜਦੋਂ ਰਿਟਾਇਰ ਫੌਜੀ ਸੁਰਿੰਦਰ ਸਿੰਘ ਨੇ ਆਪਣੀ ਲਾਇਸੈਂਸੀ 12 ਬੋਰ ਦੀ ਦੁਨਾਲੀ ਨਾਲ ਪਹਿਲਾਂ ਆਪਣੇ ਪੁੱਤ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਵੀ ਜ਼ਹਿਰ ਖਾ ਲਿਆ।
ਘਟਨਾ ਤੋਂ ਬਾਅਦ ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ, ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਰਘੂਨਾਥ ਇਨਕਲੇਵ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਾਲਾਂਕਿ ਇਸ ਘਟਨਾ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਹਾਲੇ ਤੱਕ ਕੋਈ ਖੁੱਲ੍ਹ ਕੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਮੁੱਢਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਦੀ ਉਮਰ ਲਗਭਗ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਉਸ ਦੇ ਪੁੱਤ ਦੀ ਉਮਰ ਕਰੀਬ 39 ਸਾਲ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀਆਂ ਦੋ ਧੀਆਂ ਵੀ ਹਨ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿ ਰਹੀਆਂ ਹਨ।
ਰਿਸ਼ਤੇਦਾਰਾਂ ਮੁਤਾਬਕ ਇਹ ਪਰਿਵਾਰ ਪਹਿਲਾਂ ਆਪਣੇ ਪਿੰਡ ਵਿੱਚ ਰਹਿੰਦਾ ਸੀ, ਪਰ ਲਗਭਗ 20 ਸਾਲ ਪਹਿਲਾਂ ਸ਼ਹਿਰ ਵਿੱਚ ਆ ਕੇ ਵੱਸ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਹੋਰ ਭਰਾ ਅਜੇ ਵੀ ਪਿੰਡ ਵਿੱਚ ਹੀ ਰਹਿੰਦੇ ਹਨ। ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
