ਪੇਪਰ ਲੀਕ ਵਿਵਾਦ ਮਗਰੋਂ NEET UG 2026 ਪ੍ਰੀਖਿਆ ਰੱਦ, ਮਾਮਲੇ ਦੀ ਜਾਂਚ ਹੁਣ CBI ਦੇ ਹਵਾਲੇ
ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਜਾਵੇਗੀ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਸਬੰਧੀ ਐਲਾਨ ਜਲਦੀ ਕੀਤਾ ਜਾ ਸਕਦਾ ਹੈ।

ਦਿੱਲੀ
ਬਿਊਰੋ ਰਿਪੋਰਟ
ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਹੋਣ ਵਾਲੀ NEET UG 2026 ਪ੍ਰੀਖਿਆ ਨੂੰ ਪੇਪਰ ਲੀਕ ਦੇ ਦੋਸ਼ਾਂ ਮਗਰੋਂ ਰੱਦ ਕਰ ਦਿੱਤਾ ਗਿਆ ਹੈ। ਪ੍ਰੀਖਿਆ ਰੱਦ ਕਰਨ ਦਾ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਜਾਂਚ ਦੌਰਾਨ ਪ੍ਰਸ਼ਨ ਪੱਤਰ ਲੀਕ ਹੋਣ ਸਬੰਧੀ ਗੰਭੀਰ ਸ਼ੱਕ ਸਾਹਮਣੇ ਆਏ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਜਾਵੇਗੀ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਸਬੰਧੀ ਐਲਾਨ ਜਲਦੀ ਕੀਤਾ ਜਾ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ NEET ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ NEET UG 2026 ਦੀ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਲਿਆ ਗਿਆ ਹੈ। 3 ਮਈ 2026 ਨੂੰ ਹੋਈ ਇਸ ਪ੍ਰੀਖਿਆ ਨੂੰ ਲੈ ਕੇ ਪੇਪਰ ਲੀਕ ਦੇ ਦਾਅਵਿਆਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਇਹ ਮਾਮਲਾ ਵਿਵਾਦਾਂ ਵਿੱਚ ਆ ਗਿਆ।
ਐਨਟੀਏ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ NEET UG 2026 ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਨ੍ਹਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਲੋੜ ਨਹੀਂ ਪਵੇਗੀ। ਏਜੰਸੀ ਮੁਤਾਬਕ ਸਾਰੇ ਮੌਜੂਦਾ ਉਮੀਦਵਾਰਾਂ ਦਾ ਡਾਟਾ ਸੁਰੱਖਿਅਤ ਹੈ ਅਤੇ ਨਵੀਂ ਪ੍ਰੀਖਿਆ ਲਈ ਪੁਰਾਣੀ ਰਜਿਸਟ੍ਰੇਸ਼ਨ ਹੀ ਵੈਧ ਮੰਨੀ ਜਾਵੇਗੀ।
ਸੀਬੀਆਈ ਵੱਲੋਂ ਹੁਣ ਪੇਪਰ ਲੀਕ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਸਰੋਤ, ਸੰਭਾਵਿਤ ਗਿਰੋਹ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਸ਼ਾਮਲ ਹੋਵੇਗੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
