ਨੀਲੇ ਡਰੱਮ ‘ਚੋਂ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਇਲਾਕੇ ਵਿੱਚ ਫੈਲੀ ਦਹਿਸ਼ਤ
ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਪ੍ਰਵਾਸੀ ਪਰਿਵਾਰ ਨਾਲ ਸਬੰਧਿਤ ਹੋ ਸਕਦੀ ਹੈ। ਫਿਲਹਾਲ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਕੇ ਸ਼ਨਾਖਤ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਟਿਆਲਾ
ਬਿਊਰੋ ਰਿਪੋਰਟ
ਪਟਿਆਲਾ ਦੇ ਡੀਸੀਡਬਲਯੂ ਪੁੱਲ ਨੇੜੇ ਕੂੜੇ ਦੇ ਢੇਰ ਕੋਲੋਂ ਇੱਕ ਨੀਲੇ ਡਰੱਮ ਅੰਦਰ ਨੌਜਵਾਨ ਲੜਕੀ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮੁੱਢਲੀ ਜਾਂਚ ਮੁਤਾਬਕ ਲੜਕੀ ਦੀ ਉਮਰ ਕਰੀਬ 15 ਤੋਂ 20 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਪ੍ਰਵਾਸੀ ਪਰਿਵਾਰ ਨਾਲ ਸਬੰਧਿਤ ਹੋ ਸਕਦੀ ਹੈ। ਫਿਲਹਾਲ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਕੇ ਸ਼ਨਾਖਤ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੰਗਲਵਾਰ ਸਵੇਰੇ ਸਥਾਨਕ ਲੋਕਾਂ ਨੇ ਕੂੜੇ ਦੇ ਢੇਰ ਕੋਲ ਇੱਕ ਨੀਲਾ ਡਰੱਮ ਪਿਆ ਦੇਖਿਆ, ਜਿਸ ਉੱਤੇ ਲਾਲ ਰੰਗ ਦਾ ਢੱਕਣ ਲੱਗਾ ਹੋਇਆ ਸੀ। ਸ਼ੱਕ ਪੈਣ ‘ਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਡਰੱਮ ਅੰਦਰੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਜਾਂਚ ਦੌਰਾਨ ਲੜਕੀ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਅਤੇ ਇੱਕ ਹੱਥ ‘ਤੇ ਖੂਨ ਦੇ ਦਾਗ ਵੀ ਮਿਲੇ ਹਨ।
ਹੱਥਾਂ ‘ਤੇ ਬਣੇ ਟੈਟੂ ਬਣੇ ਜਾਂਚ ਦਾ ਅਹਿਮ ਸੁਰਾਗ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਡੀਸੀਡਬਲਯੂ ਪੁੱਲ ਨੇੜੇ ਪਏ ਡਰੱਮ ਵਿੱਚ ਲਾਸ਼ ਹੋ ਸਕਦੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਡਰੱਮ ਵਿੱਚੋਂ ਲੜਕੀ ਦੀ ਲਾਸ਼ ਮਿਲੀ।
ਪੁਲਿਸ ਅਨੁਸਾਰ ਲੜਕੀ ਦੇ ਇੱਕ ਹੱਥ ‘ਤੇ ਅੰਗਰੇਜ਼ੀ ਵਿੱਚ ‘ਨੇਹਾ’ ਨਾਮ ਦਾ ਟੈਟੂ ਬਣਿਆ ਹੋਇਆ ਹੈ, ਜਦਕਿ ਦੂਸਰੇ ਹੱਥ ‘ਤੇ ਦਿਲ ਦੇ ਨਿਸ਼ਾਨ ਅੰਦਰ N ਅਤੇ A ਅੱਖਰ ਲਿਖੇ ਹੋਏ ਹਨ। ਪੁਲਿਸ ਵੱਲੋਂ ਇਲਾਕੇ ਵਿੱਚ ਪੁੱਛਗਿੱਛ ਕਰਨ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਹਿਮ ਸੁਰਾਗ ਮਿਲ ਸਕੇ।
ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆ ਸਕਦੇ ਹਨ ਅਸਲ ਕਾਰਨ
ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਡਰੱਮ ਅਤੇ ਲਾਸ਼ ਤੋਂ ਸਬੂਤ ਇਕੱਠੇ ਕਰਵਾਏ। ਇਸ ਤੋਂ ਬਾਅਦ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ 72 ਘੰਟਿਆਂ ਤੱਕ ਸ਼ਨਾਖਤ ਲਈ ਰੱਖਿਆ ਜਾਵੇਗਾ।
ਮੁੱਢਲੇ ਤੌਰ ‘ਤੇ ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਦਾ ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਡਰੱਮ ਵਿੱਚ ਪਾ ਕੇ ਕੂੜੇ ਦੇ ਢੇਰ ਕੋਲ ਸੁੱਟਿਆ ਗਿਆ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲਾਸ਼ ਕਿਸੇ ਵਾਹਨ ਰਾਹੀਂ ਇੱਥੇ ਲਿਆਂਦੀ ਗਈ ਹੋਵੇ। ਫਿਲਹਾਲ ਪੁਲਿਸ ਇਲਾਕੇ ਦੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਲੜਕੀ ਦੀ ਪਹਿਚਾਣ ਲਈ ਉਸਦੀ ਤਸਵੀਰ ਵੀ ਜਾਰੀ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
