ਫਰੀਦਕੋਟ ‘ਚ ਹਸਪਤਾਲ ਅੰਦਰ ਗੁੰਡਾਗਰਦੀ, ਸੁਰੱਖਿਆ ਕਰਮਚਾਰੀ ‘ਤੇ ਤਾਣੀ ਗਈ ਪਿਸਤੌਲ

ਫਰੀਦਕੋਟ ‘ਚ ਹਸਪਤਾਲ ਅੰਦਰ ਗੁੰਡਾਗਰਦੀ, ਸੁਰੱਖਿਆ ਕਰਮਚਾਰੀ ‘ਤੇ ਤਾਣੀ ਗਈ ਪਿਸਤੌਲ

ਵੀਡੀਓ ਵਿੱਚ ਕੁਝ ਨੌਜਵਾਨ ਪਹਿਲਾਂ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਅਤੇ ਬਾਅਦ ਵਿੱਚ ਹੱਥਾਪਾਈ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਤਾਣ ਦਿੱਤੀ ਜਾਂਦੀ ਹੈ।

ਫਰੀਦਕੋਟ

ਬਿਊਰੋ ਰਿਪੋਰਟ

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਇਕ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕੁਝ ਨੌਜਵਾਨ ਪਹਿਲਾਂ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਅਤੇ ਬਾਅਦ ਵਿੱਚ ਹੱਥਾਪਾਈ ਦੌਰਾਨ ਇੱਕ ਨੌਜਵਾਨ ਵੱਲੋਂ ਪਿਸਤੌਲ ਤਾਣ ਦਿੱਤੀ ਜਾਂਦੀ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਨਿੱਚਰਵਾਰ ਸ਼ਾਮ ਦੀ ਹੈ, ਜਦੋਂ ਕੁਝ ਲੋਕ ਥਾਰ ਗੱਡੀ ‘ਚ ਹਸਪਤਾਲ ਆਪਣੇ ਮਰੀਜ਼ ਨੂੰ ਮਿਲਣ ਪਹੁੰਚੇ ਸਨ। ਜਦੋਂ ਹਸਪਤਾਲ ਦੇ ਦਰਵਾਜ਼ੇ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਰੁਟੀਨ ਚੈਕਿੰਗ ਲਈ ਉਨ੍ਹਾਂ ਨੂੰ ਰੋਕਿਆ ਤਾਂ ਮਾਮਲਾ ਤਣਾਅਪੂਰਨ ਬਣ ਗਿਆ। ਪਹਿਲਾਂ ਉਨ੍ਹਾਂ ਵੱਲੋਂ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕੀਤੀ ਗਈ ਅਤੇ ਫਿਰ ਧੱਕਾਮੁੱਕੀ ਤੇ ਹੱਥਾਪਾਈ ਸ਼ੁਰੂ ਹੋ ਗਈ।

ਇਸ ਦੌਰਾਨ ਇੱਕ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਸੁਰੱਖਿਆ ਕਰਮਚਾਰੀ ਉੱਤੇ ਪਿਸਤੌਲ ਤਾਣ ਦਿੱਤੀ। ਹਾਲਾਂਕਿ ਵੱਡੀ ਘਟਨਾ ਤੋਂ ਬਚਾਅ ਇਸ ਕਰਕੇ ਹੋ ਗਿਆ ਕਿਉਂਕਿ ਉਸਦੇ ਸਾਥੀਆਂ ਨੇ ਹੀ ਉਸਨੂੰ ਫੜ ਕੇ ਪਾਸੇ ਕਰ ਦਿੱਤਾ। ਨਹੀਂ ਤਾਂ ਹਾਲਾਤ ਕਾਫੀ ਗੰਭੀਰ ਹੋ ਸਕਦੇ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਉਸ ਥਾਂ ਤੋਂ ਸਿਰਫ਼ 50 ਮੀਟਰ ਦੀ ਦੂਰੀ ‘ਤੇ ਹੀ ਹਸਪਤਾਲ ਦੇ ਅੰਦਰ ਪੁਲਿਸ ਚੌਂਕੀ ਮੌਜੂਦ ਹੈ। ਇਸਦੇ ਬਾਵਜੂਦ ਅਜਿਹੀ ਗੁੰਡਾਗਰਦੀ ਦਾ ਹੋਣਾ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰਦਾ ਹੈ।

ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨੇ ਦੱਸਿਆ ਕਿ ਘਟਨਾ ਦੇ ਸਮੇਂ ਕੁਝ ਵਿਅਕਤੀ ਮਰੀਜ਼ ਨੂੰ ਮਿਲਣ ਆਏ ਸਨ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਬਦਸਲੂਕੀ ਕਰਦੇ ਹੋਏ ਅਸਲਾ ਤਾਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਵਹਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਦੇ ਦਿੱਤੀ ਗਈ ਹੈ।

ਇਸ ਮਾਮਲੇ ‘ਤੇ ਡੀਐਸਪੀ ਫਰੀਦਕੋਟ ਤਰਲੋਚਨ ਸਿੰਘ ਨੇ ਕਿਹਾ ਕਿ ਮੈਡੀਕਲ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਮਿਲਣ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਾਂਚ ਦੇ ਆਧਾਰ ‘ਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੂਤਰਾਂ ਅਨੁਸਾਰ, ਗੁੰਡਾਗਰਦੀ ਕਰਨ ਵਾਲਾ ਮੁੱਖ ਵਿਅਕਤੀ ਕਿਸੇ ਪਿੰਡ ਦਾ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ। ਹਾਲਾਂਕਿ ਘਟਨਾ ਨੂੰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਢੁੱਕਵੀਂ ਪੁਲਿਸ ਕਾਰਵਾਈ ਨਹੀਂ ਹੋਈ, ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *