ਹਨੀ ਸਿੰਘ-ਤਰੁਣ ਚੁੱਘ ਮੁਲਾਕਾਤ ‘ਤੇ ਛਿੜਿਆ ਵਿਵਾਦ, ਜਸਬੀਰ ਜੱਸੀ ਨੇ ਜਤਾਈ ਨਾਰਾਜ਼ਗੀ

ਹਨੀ ਸਿੰਘ-ਤਰੁਣ ਚੁੱਘ ਮੁਲਾਕਾਤ ‘ਤੇ ਛਿੜਿਆ ਵਿਵਾਦ, ਜਸਬੀਰ ਜੱਸੀ ਨੇ ਜਤਾਈ ਨਾਰਾਜ਼ਗੀ

ਲੋਕਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਖੁਦ ਨਸ਼ਿਆਂ ਨਾਲ ਜੁੜੇ ਆਪਣੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕਿਆ ਹੋਵੇ, ਉਸ ਨੂੰ ਨਸ਼ਾ ਮੁਕਤੀ ਮੁਹਿੰਮ ਦਾ ਚਿਹਰਾ ਬਣਾਉਣਾ ਠੀਕ ਨਹੀਂ।

ਚੰਡੀਗੜ੍ਹ

ਬਿਊਰੋ ਰਿਪੋਰਟ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਰੈਪਰ ਯੋ ਯੋ ਹਨੀ ਸਿੰਘ ਦੀ ਹਾਲੀਆ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਮਨੋਰੰਜਨ ਜਗਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਦੋਵਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਸੰਦੇਸ਼ ਦਿੱਤਾ ਗਿਆ ਸੀ। ਇੱਕ ਵੀਡੀਓ ਵਿੱਚ ਉਹ ਨੌਜਵਾਨਾਂ ਨੂੰ ਦੁੱਧ, ਦਹੀਂ, ਲੱਸੀ ਅਤੇ ਘਿਓ ਵਰਗੀਆਂ ਪੌਸ਼ਟਿਕ ਚੀਜ਼ਾਂ ਵਰਤਣ ਲਈ ਪ੍ਰੇਰਿਤ ਕਰਦੇ ਨਜ਼ਰ ਆਏ।

ਹਾਲਾਂਕਿ, ਇਸ ਮੁਹਿੰਮ ਨੂੰ ਲੈ ਕੇ ਹੁਣ ਵਿਰੋਧ ਵੀ ਸਾਹਮਣੇ ਆ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਖੁਦ ਨਸ਼ਿਆਂ ਨਾਲ ਜੁੜੇ ਆਪਣੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕਿਆ ਹੋਵੇ, ਉਸ ਨੂੰ ਨਸ਼ਾ ਮੁਕਤੀ ਮੁਹਿੰਮ ਦਾ ਚਿਹਰਾ ਬਣਾਉਣਾ ਠੀਕ ਨਹੀਂ।

 

ਜਸਬੀਰ ਜੱਸੀ ਨੇ ਕਿਹਾ — “ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ”

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹਨੀ ਸਿੰਘ ਅਤੇ ਤਰੁਣ ਚੁੱਘ ਦੋਵਾਂ ‘ਤੇ ਸਵਾਲ ਚੁੱਕੇ ਹਨ। ਜੱਸੀ ਨੇ ਕਿਹਾ ਕਿ ਜਿਸ ਵਿਅਕਤੀ ਦੇ ਗੀਤਾਂ ਅਤੇ ਜੀਵਨਸ਼ੈਲੀ ਦਾ ਅਸਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਲੈ ਗਿਆ, ਉਸੇ ਨੂੰ ਹੁਣ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਨਾਲ ਜੋੜਨਾ ਸਮਝ ਤੋਂ ਪਰੇ ਹੈ।

ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਲਿਖਿਆ, “ਪੰਜਾਬ ਨੂੰ ਬਚਾ ਰਹੇ ਹੋ ਜਾਂ ਚਿੜਾ ਰਹੇ ਹੋ? ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ।”

ਜੱਸੀ ਨੇ ਕਿਹਾ ਕਿ ਉਹ ਆਮ ਤੌਰ ‘ਤੇ ਰਾਜਨੀਤਿਕ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਦੇ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਦੇ ਅਨੁਸਾਰ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਇੱਕ ਜਜ਼ਬਾ, ਵਿਰਾਸਤ ਅਤੇ ਸਭਿਆਚਾਰ ਹੈ, ਜਿਸ ਨੂੰ ਹਰ ਕੋਈ ਸਮਝ ਨਹੀਂ ਸਕਦਾ।

ਤਰੁਣ ਚੁੱਘ ਦੀ ਨੀਅਤ ‘ਤੇ ਵੀ ਚੁੱਕੇ ਸਵਾਲ

ਜਸਬੀਰ ਜੱਸੀ ਨੇ ਤਰੁਣ ਚੁੱਘ ਨਾਲ ਆਪਣੀ ਪੁਰਾਣੀ ਗੱਲਬਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਚੁੱਘ ਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਅਜਿਹੇ ਚਿਹਰੇ ਅੱਗੇ ਲਿਆਂਦੇ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕ ਦਿਲੋਂ ਕਬੂਲ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਹਿੰਦੂ ਹੋਵੇ ਜਾਂ ਸਿੱਖ, ਦੋਵੇਂ ਪੰਜਾਬ ਦੀ ਮਿੱਟੀ, ਇਤਿਹਾਸ ਅਤੇ ਗੁਰਬਾਣੀ ਨਾਲ ਗਹਿਰਾ ਨਾਤਾ ਰੱਖਦੇ ਹਨ। ਜੱਸੀ ਮੁਤਾਬਕ ਪੰਜਾਬ ਦੀ ਭਾਵਨਾ ਨੂੰ ਸਮਝੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਪੰਜਾਬ ਦੀ ਨੁਮਾਇੰਦਗੀ ਵਜੋਂ ਪੇਸ਼ ਕਰਨਾ ਠੀਕ ਨਹੀਂ।

ਅਖੀਰ ਵਿੱਚ ਜੱਸੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ, ਪਰ ਪੰਜਾਬ ਦੇ ਹੱਕ ਵਿੱਚ ਬੋਲਣ ਤੋਂ ਉਹ ਕਦੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕਿਹਾ, “ਪੰਜਾਬ ਜ਼ਿੰਦਾਬਾਦ ਹੈ ਤੇ ਹਮੇਸ਼ਾਂ ਰਹੇਗਾ।”

 

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *