ਤਰਨਤਾਰਨ ’ਚ ਦੋਸਤੀ ਤੋਂ ਦੁਸ਼ਮਣੀ ਤੇ ਫਿਰ ਖ਼ੂਨੀ ਬਦਲਾ, ਲਵ ਕੋਟ ਦੀ ਮੌਤ ਮਗਰੋਂ ਪੁਲਿਸ ਜਾਂਚ ਤੇਜ਼; 6 ਸ਼ੱਕੀ ਕਾਬੂ
ਇੱਕ ਪਾਸੇ ਲਵਜੀਤ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿੱਚ ਪੋਸਟਮਾਰਟਮ ਕੀਤਾ ਗਿਆ, ਜਦਕਿ ਦੂਜੇ ਪਾਸੇ ਸਤਪਾਲ ਪਾਲਾ ਦੀ ਅੰਤਿਮ ਅਰਦਾਸ ਕੀਤੀ ਗਈ।

ਤਰਨਤਾਰਨ
ਬਿਊਰੋ ਰਿਪੋਰਟ
ਤਰਨਤਾਰਨ ਜ਼ਿਲ੍ਹੇ ਵਿੱਚ ਦੋਸਤਾਂ ਵਿਚਾਲੇ ਹੋਈ ਰੰਜਿਸ਼ ਨੇ ਹੁਣ ਖ਼ੂਨੀ ਰੂਪ ਧਾਰ ਲਿਆ ਹੈ। ਪਹਿਲਾਂ ਸਤਪਾਲ ਸਿੰਘ ਪਾਲਾ ਦੇ ਕਤਲ ਅਤੇ ਫਿਰ ਕਥਿਤ ਤੌਰ ’ਤੇ ਉਸ ਦੇ ਕਤਲ ਦਾ ਬਦਲਾ ਲੈਣ ਲਈ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਹੱਤਿਆ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਪਾਸੇ ਲਵਜੀਤ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿੱਚ ਪੋਸਟਮਾਰਟਮ ਕੀਤਾ ਗਿਆ, ਜਦਕਿ ਦੂਜੇ ਪਾਸੇ ਸਤਪਾਲ ਪਾਲਾ ਦੀ ਅੰਤਿਮ ਅਰਦਾਸ ਕੀਤੀ ਗਈ।
ਪਿੰਡ ਬੂਹ ਹਵੇਲੀਆਂ ਵਿੱਚ ਸਤਪਾਲ ਸਿੰਘ ਪਾਲਾ ਦੀ ਅੰਤਿਮ ਅਰਦਾਸ ਦੌਰਾਨ ਵੀ ਲੋਕਾਂ ਵਿੱਚ ਸਹਿਮ ਸਾਫ਼ ਨਜ਼ਰ ਆਇਆ। ਡਰ ਦੇ ਮਾਹੌਲ ਕਾਰਨ ਇਲਾਕੇ ਦੇ ਕਈ ਲੋਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਦੂਰ ਰਹੇ। ਉੱਧਰ, ਪੱਟੀ ਦੇ ਸਿਵਲ ਹਸਪਤਾਲ ਵਿੱਚ ਲਵਜੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਗਮਗੀਨ ਨਜ਼ਰ ਆਏ।
ਕੈਨੇਡਾ ਤੋਂ ਪਰਤੇ ਪਾਲਾ ਦੀ ਦੋਸਤ ਨੇ ਕੀਤੀ ਸੀ ਹੱਤਿਆ
ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਵਾਪਸ ਆਏ ਅਤੇ ਰੇਤ ਦੇ ਕਾਰੋਬਾਰ ਨਾਲ ਜੁੜੇ ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਉਸ ਦੇ ਕਰੀਬੀ ਦੋਸਤ ਲਵਜੀਤ ਸਿੰਘ ਉਰਫ਼ ਲਵ ਕੋਟ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਸ ਘਟਨਾ ਤੋਂ ਬਾਅਦ ਪਾਲਾ ਦੇ ਵੱਡੇ ਭਰਾ ਸਤਨਾਮ ਸਿੰਘ ਸੱਤਾ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਸੀ।
ਇਹ ਵੀ ਸਾਹਮਣੇ ਆਇਆ ਕਿ ਸਤਨਾਮ ਸਿੰਘ ਸੱਤਾ ਨੇ ਸੋਸ਼ਲ ਮੀਡੀਆ ’ਤੇ ਲਵਜੀਤ ਸਿੰਘ ਦੀ ਤਸਵੀਰ ਪਾ ਕੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਧਰਮਕੋਟ ਤੋਂ ਲਾਪਤਾ ਹੋਣ ਮਗਰੋਂ ਮਿਲੀ ਲਵਜੀਤ ਦੀ ਲਾਸ਼
ਪੁਲਿਸ ਮੁਤਾਬਕ ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਇਲਾਕੇ ਤੋਂ ਲਵਜੀਤ ਸਿੰਘ ਨੂੰ ਕਥਿਤ ਤੌਰ ’ਤੇ ਅਗਵਾ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਮਾਮਲੇ ਵਿੱਚ ਸਤਨਾਮ ਸਿੰਘ ਸੱਤਾ ਅਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।
ਹਰੀਕੇ ਤੋਂ ਧਰਮਕੋਟ ਤੱਕ CCTV ਰਾਹੀਂ ਜਾਂਚ
ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਡੀਐੱਸਪੀ ਸ਼ਿਵਦਰਸ਼ਨ ਸਿੰਘ, ਥਾਣਾ ਹਰੀਕੇ ਪੱਤਣ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਹਰੀਕੇ ਪੱਤਣ ਤੋਂ ਧਰਮਕੋਟ ਤੱਕ ਦੇ ਰਸਤੇ ਵਿੱਚ ਲੱਗੇ ਕਰੀਬ 62 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ। ਇਸ ਵਿੱਚ ਦੋ ਟੋਲ ਪਲਾਜ਼ਿਆਂ ਦੀ ਫੁਟੇਜ ਵੀ ਸ਼ਾਮਲ ਹੈ। ਹਾਲਾਂਕਿ ਜਾਂਚ ਦੇ ਬਾਵਜੂਦ ਅਜੇ ਤੱਕ ਪੁਲਿਸ ਨੂੰ ਮੁੱਖ ਮੁਲਜ਼ਮਾਂ ਤੱਕ ਪਹੁੰਚਣ ਵਾਲਾ ਕੋਈ ਪੱਕਾ ਸੁਰਾਗ ਨਹੀਂ ਮਿਲਿਆ।
ਸੂਤਰਾਂ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਸਬੰਧਤ ਕਰੀਬ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ ਪੋਸਟਮਾਰਟਮ
ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਗੁਪਤਾ ਮੁਤਾਬਕ ਲਵਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਤਿੰਨ ਮੈਂਬਰੀ ਮੈਡੀਕਲ ਪੈਨਲ ਨੇ ਕੀਤਾ। ਪੈਨਲ ਵਿੱਚ ਡਾ. ਪ੍ਰਦੁਮਨ ਸਿੰਘ, ਡਾ. ਲਵਿਸ਼ ਕੁਮਾਰ ਅਤੇ ਡਾ. ਹਰਲੀਨ ਕੌਰ ਸ਼ਾਮਲ ਸਨ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੋ ਕਤਲਾਂ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਲਿਸ ਦੀ ਨਿਗਰਾਨੀ ਵੀ ਵਧਾਈ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/
