ਕੈਨੇਡਾ ‘ਚ ਅਕਾਲੀ ਆਗੂ ਬੰਟੀ ਰੋਮਾਣਾ ਦੀ ਐਂਟਰੀ ਰੋਕੀ, ਟੋਰਾਂਟੋ ਹਵਾਈ ਅੱਡੇ ਤੋਂ ਪਰਤਣਾ ਪਿਆ; ਜਾਣੋ ਕੀ ਹੈ ਪੂਰਾ ਮਾਮਲਾ

ਕੈਨੇਡਾ ‘ਚ ਅਕਾਲੀ ਆਗੂ ਬੰਟੀ ਰੋਮਾਣਾ ਦੀ ਐਂਟਰੀ ਰੋਕੀ, ਟੋਰਾਂਟੋ ਹਵਾਈ ਅੱਡੇ ਤੋਂ ਪਰਤਣਾ ਪਿਆ; ਜਾਣੋ ਕੀ ਹੈ ਪੂਰਾ ਮਾਮਲਾ

ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਕੈਨੇਡਾ ਵਿੱਚ ਐਂਟਰੀ ਨਾ ਮਿਲਣ ਕਾਰਨ ਉਹ ਭਾਰਤ ਵਾਪਸ ਆ ਰਹੇ ਹਨ।

ਚੰਡੀਗੜ੍ਹ

ਬਿਊਰੋ ਰਿਪੋਰਟ

ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਫਰੀਦਕੋਟ ਹਲਕੇ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਹੀ ਭਾਰਤ ਵਾਪਸ ਪਰਤਣਾ ਪਿਆ।

ਮਿਲੀ ਜਾਣਕਾਰੀ ਮੁਤਾਬਕ, ਵੀਰਵਾਰ ਦੇਰ ਰਾਤ ਟੋਰਾਂਟੋ ਏਅਰਪੋਰਟ ‘ਤੇ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਕੈਨੇਡਾ ਵਿੱਚ ਐਂਟਰੀ ਨਾ ਮਿਲਣ ਕਾਰਨ ਉਹ ਭਾਰਤ ਵਾਪਸ ਆ ਰਹੇ ਹਨ।

ਸ਼ਿਕਾਇਤ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਹਵਾਲਾ

ਬੰਟੀ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਅਤੇ ਏਅਰਪੋਰਟ ਅਥਾਰਟੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਵਿੱਚ ਉਨ੍ਹਾਂ ਵਿਰੁੱਧ ਦਰਜ ਵੱਖ-ਵੱਖ ਕੇਸਾਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਅਤੇ ਸਿਟੀ ਕੌਂਸਲ ਚੋਣਾਂ ਨਾਲ ਜੁੜੇ ਮਾਮਲੇ ਵੀ ਸ਼ਾਮਲ ਸਨ। ਨਾਲ ਹੀ, ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਅਦਾਲਤੀ ਕਾਰਵਾਈਆਂ ਦਾ ਵੀ ਵੇਰਵਾ ਦਿੱਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਖਿਲਾਫ ਦਰਜ ਸਾਰੇ ਕੇਸ ਰਾਜਨੀਤਿਕ ਗਤੀਵਿਧੀਆਂ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਅਪਰਾਧਿਕ ਸੁਭਾਅ ਦਾ ਨਹੀਂ ਹੈ। ਰੋਮਾਣਾ ਅਨੁਸਾਰ, ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਹ ਕੈਨੇਡਾ ਇੱਕ ਰਾਜਨੀਤਿਕ ਦੌਰੇ ‘ਤੇ ਪਹੁੰਚੇ ਹਨ, ਜਿਸ ਦੀ ਉੱਥੋਂ ਦੇ ਨਿਯਮਾਂ ਤਹਿਤ ਇਜਾਜ਼ਤ ਨਹੀਂ ਹੈ। ਇਸੇ ਆਧਾਰ ‘ਤੇ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ।

ਇਸ ਮਾਮਲੇ ਨੂੰ ਲੈ ਕੇ ਬੰਟੀ ਰੋਮਾਣਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਖਿਲਾਫ ਇਹ ਸ਼ਿਕਾਇਤ ਮਨੀਲਾ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਇਸ਼ਾਰੇ ‘ਤੇ ਕੀਤੀ ਗਈ ਹੈ, ਕਿਉਂਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਸਮਰਥਨ ਤੋਂ ਸਰਕਾਰ ਚਿੰਤਤ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਸ ਦਾ ਜਵਾਬ ਦੇਣਗੇ।

 

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *