ਐਸ.ਐਸ.ਪੀ ਡਾ. ਪ੍ਰਗਿਆ ਜੈਨ ਵੱਲੋ ਸਕੂਲੀ ਵਿਦਿਆਰਥੀਆ ਨਾਲ ਬਿਤਾਇਆ ਸਮਾਂ, ਨਸ਼ਿਆ ਤੋ ਦੂਰ ਰਹਿ ਕੇ ਚੰਗੇ ਭਵਿੱਖ ਦੀ ਸਿਰਜਨਾ ਲਈ ਕੀਤਾ ਪ੍ਰੇਰਿਤ

ਐਸ.ਐਸ.ਪੀ ਡਾ. ਪ੍ਰਗਿਆ ਜੈਨ ਵੱਲੋ ਸਕੂਲੀ ਵਿਦਿਆਰਥੀਆ ਨਾਲ ਬਿਤਾਇਆ ਸਮਾਂ, ਨਸ਼ਿਆ ਤੋ ਦੂਰ ਰਹਿ ਕੇ ਚੰਗੇ ਭਵਿੱਖ ਦੀ ਸਿਰਜਨਾ ਲਈ ਕੀਤਾ ਪ੍ਰੇਰਿਤ
— ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਰੁਚੀ ਦਿਖਾਉਣੀ ਚਾਹੀਦੀ ਹੈ:  ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
— ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
— ਵਿਦਿਆਰਥੀਆ ਵੱਲੋਂ ਕੈਰੀਅਰ, ਅਫਸਰ ਬਣਨ ਦੀ ਤਿਆਰੀ, ਮਾਨਸਿਕ ਤਣਾਅ ਘਟਾਉਣ ਅਤੇ ਨਸ਼ਿਆਂ ਖਿਲਾਫ ਪੁਲਿਸ ਕਾਰਵਾਈਆਂ ਸਬੰਧੀ ਸਵਾਲ
ਫਰੀਦਕੋਟ
ਬਿਊਰੋ ਰਿਪੋਰਟ
ਕਮਿਊਨਿਟੀ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋ ਲਗਾਤਾਰ ਉਪਰਾਲੇ ਕੀਤੇ ਜਾਦੇ ਰਹਿੰਦੇ ਹਨ। ਇਸੇ ਦੀ ਲੜੀ ਵਿੱਚ ਅੱਜ ਬੁੱਧਵਾਰ ਨੂੰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸੰਪਰਕ ਮੁਹਿੰਮ ਤਹਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੇਂਟਿੰਗ ਮੁਕਾਬਲਾ, ਕਵਿਤਾ ਪਾਠ ਅਤੇ ਨਸ਼ਿਆਂ ਦੇ ਖਿਲਾਫ ਡਿਬੇਟ ਮੁਕਾਬਲਾ ਸ਼ਾਮਲ ਸਨ। ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰਾਂ ਰਾਹੀਂ ਸਮਾਜਿਕ ਮਸਲਿਆਂ ‘ਤੇ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਬੱਚਿਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਪੇਂਟਿੰਗਾਂ ਵੀ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਦੌਰਾਨ ਨੈਸ਼ਨਲ ਲੈਵਲ ਦੇ ਨੈਟਬਾਲ ਖਿਡਾਰਨ ਜਸਨੂਰ ਕੌਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਹੋਰ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵੱਧਣ ਲਈ ਪ੍ਰੇਰਣਾ ਮਿਲੀ। ਐਸ.ਐਸ.ਪੀ ਫਰੀਦਕੋਟ ਵੱਲੋਂ ਉਸਦੀ ਉਪਲਬਧੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਖਿਡਾਰੀ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।
ਇਸ ਮੌਕੇ ਉਹਨਾ ਵੱਲੋ 10ਵੀ ਜਮਾਤ ਦੇ ਨਤੀਜਿਆਂ ਵਿੱਚੋ 99.8 ਪ੍ਰਤੀਸ਼ਤ ਨੰਬਰ ਹਾਸਿਲ ਕਰਕੇ ਨੈਸ਼ਨਲ ਪੱਧਰ ਤੇ ਦੂਸਰਾ ਹਾਸਿਲ ਕਰਨ ਵਾਲੇ ਵਿਦਿਆਰਥੀ ਏਕਮਜੋਤ ਸਿੰਘ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਅੱਵਲ ਰਹਿਣ ਵਾਲੇ 13 ਹੋਣਹਾਰ ਵਿਦਿਆਰਥੀਆਂ ਨੂੰ ਵੀ ਐਸ.ਐਸ.ਪੀ ਫਰੀਦਕੋਟ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਉਨ੍ਹਾਂ ਨੇ ਬੱਚਿਆਂ ਨੂੰ ਲਗਾਤਾਰ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
ਇਸ਼ ਉਪਰੰਤ ਐਸ.ਐਸ.ਪੀ ਫਰੀਦਕੋਟ ਵੱਲੋ ਮੌਜੂਦ ਵਿਦਿਆਰਥੀਆ ਨਾਲ ਸੰਵਾਦ ਕਰਦਿਆ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਬੱਚਿਆਂ ਵੱਲੋਂ ਆਪਣੇ ਕੈਰੀਅਰ ਦੀ ਚੋਣ, ਅਫਸਰ ਬਣਨ ਲਈ ਲੋੜੀਂਦੀ ਤਿਆਰੀ, ਮਾਨਸਿਕ ਤਨਾਅ ਨੂੰ ਘੱਟ ਕਰਨ ਦੇ ਤਰੀਕਿਆਂ ਅਤੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਬੰਧੀ ਸਵਾਲ ਪੁੱਛੇ ਗਏ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਬੱਚਿਆਂ ਨੂੰ ਵਿਸ਼ਵਾਸ, ਸਕਾਰਾਤਮਕ ਸੋਚ, ਸਮੇਂ ਦੀ ਕਦਰ ਅਤੇ ਨਿਰੰਤਰ ਮਿਹਨਤ ਨਾਲ ਜੀਵਨ ਵਿੱਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦਿਆਂ ਹਰ ਸਵਾਲ ਦਾ ਵਿਸਥਾਰਪੂਰਵਕ ਅਤੇ ਪ੍ਰੇਰਣਾਦਾਇਕ ਜਵਾਬ ਦਿੱਤੇ।
ਇਸ ਮੌਕੇ ਐਸ.ਐਸ.ਪੀ ਫਰੀਦਕੋਟ ਨੇ ਬੱਚਿਆਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਰਹਿਨੁਮਾਈ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਰੁਚੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਸਰਵਪੱਖੀ ਵਿਕਾਸ ਹੋ ਸਕੇ ਅਤੇ ਉਹ ਮਨੋਵਿਗਿਆਨਕ ਅਤੇ ਸਰੀਰਿਕ ਤੌਰ ‘ਤੇ ਮਜ਼ਬੂਤ ਬਣ ਸਕਣ ਅਤੇ ਭਵਿੱਖ ਵਿੱਚ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਸਕਣ।
ਇਸ ਪ੍ਰੋਗਰਾਮ ਨਾਲ ਬੱਚਿਆਂ ਵਿੱਚ ਨਵੀਂ ਉਰਜਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਵਚਨ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਉਣਗੇ। ਸਕੂਲ ਪ੍ਰਬੰਧਕਾਂ ਵੱਲੋਂ ਐਸ.ਐਸ.ਪੀ ਫਰੀਦਕੋਟ ਦਾ ਧੰਨਵਾਦ ਕੀਤਾ ਗਿਆ ਅਤੇ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਨੂੰ ਜਾਰੀ ਰੱਖਣ ਦੀ ਉਮੀਦ ਜਤਾਈ ਗਈ।
ਇਸ ਮੌਕੇ ਡਾਇਰੈਕਟਰ ਜਨਰਲ, ਦਸ਼ਮੇਸ਼ ਗਰੁੱਪ ਆਫ ਸਕੂਲਜ, ਫਰੀਦਕੋਟ ਸ਼੍ਰੀ ਜਸਬੀਰ ਸਿੰਘ ਸੰਧੂ ਨੇ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਬੱਚਿਆਂ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਨੀਂਹ ਮਜ਼ਬੂਤ ਕਰਦੇ ਹਨ।

Leave a Reply

Your email address will not be published. Required fields are marked *