ਐਕਸਾਈਜ਼ ਇੰਸਪੈਕਟਰ ਭਰਤੀ ਦੀ ਮੈਰਿਟ ਲਿਸਟ ‘ਤੇ ਉੱਠੇ ਸਵਾਲ, ਅਜੀਬ ਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਮੰਗੀ ਜਾਂਚ

ਐਕਸਾਈਜ਼ ਇੰਸਪੈਕਟਰ ਭਰਤੀ ਦੀ ਮੈਰਿਟ ਲਿਸਟ ‘ਤੇ ਉੱਠੇ ਸਵਾਲ, ਅਜੀਬ ਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਮੰਗੀ ਜਾਂਚ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਮੋਹਾਲੀ

ਬਿਊਰੋ ਰਿਪੋਰਟ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਵੱਲੋਂ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਭਰਤੀ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਮੈਰਿਟ ਸੂਚੀ ਵਿਵਾਦਾਂ ਵਿੱਚ ਘਿਰ ਗਈ ਹੈ। ਮੈਰਿਟ ਲਿਸਟ ਵਿੱਚ ਦਰਜ ਕੁਝ ਹੈਰਾਨੀਜਨਕ ਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਸਵਾਲ ਉਠਾਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਮੈਰਿਟ ਸੂਚੀ ਵਿੱਚ ਕੀ ਮਿਲਿਆ?

ਇਹ ਭਰਤੀ ਪ੍ਰੀਖਿਆ 31 ਮਈ ਨੂੰ ਕਰਵਾਈ ਗਈ ਸੀ, ਜਿਸ ਲਈ ਲਗਭਗ 1.43 ਲੱਖ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਮੰਗਲਵਾਰ ਨੂੰ 197 ਅਸਾਮੀਆਂ ਲਈ ਮੈਰਿਟ ਸੂਚੀ ਜਾਰੀ ਕੀਤੀ ਗਈ। ਸੂਚੀ ਜਨਤਕ ਹੁੰਦਿਆਂ ਹੀ ਉਮੀਦਵਾਰਾਂ ਅਤੇ ਕੋਚਿੰਗ ਸੰਸਥਾਵਾਂ ਨੇ ਇਸ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆ ਗਿਆ।

ਮੈਰਿਟ ਲਿਸਟ ਵਿੱਚ ਕੁਝ ਨਾਵਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਕ ਰਿਪੋਰਟ ਅਨੁਸਾਰ “State Bank of India” ਨਾਮ ਨਾਲ ਇੱਕ ਉਮੀਦਵਾਰ ਅਨੁਸੂਚਿਤ ਜਾਤੀ (SC) ਸ਼੍ਰੇਣੀ ਵਿੱਚ ਦਰਜ ਹੈ, ਜਿਸ ਨੂੰ ਪਹਿਲੇ ਪੜਾਅ ਵਿੱਚ 34 ਅਤੇ ਦੂਜੇ ਪੜਾਅ ਵਿੱਚ 21.25 ਅੰਕ ਮਿਲੇ ਦਰਸਾਏ ਗਏ ਹਨ। ਇਸੇ ਤਰ੍ਹਾਂ “Ek Din Karmawala” ਨਾਮ ਵਾਲੇ ਉਮੀਦਵਾਰ ਨੂੰ ਜਨਰਲ ਸ਼੍ਰੇਣੀ ਵਿੱਚ ਦਰਸਾਇਆ ਗਿਆ ਹੈ, ਜਿਸ ਨੇ ਪਹਿਲੇ ਪੜਾਅ ਵਿੱਚ 22 ਅੰਕ ਪ੍ਰਾਪਤ ਕੀਤੇ ਪਰ ਦੂਜੇ ਪੜਾਅ ਲਈ ਅਯੋਗ ਦਿਖਾਇਆ ਗਿਆ।

ਇਸ ਤੋਂ ਇਲਾਵਾ “GIPS” ਨਾਮ ਵਾਲੇ ਉਮੀਦਵਾਰ ਦੇ ਪਹਿਲੇ ਪੜਾਅ ਵਿੱਚ 40 ਅਤੇ ਦੂਜੇ ਪੜਾਅ ਵਿੱਚ 40.25 ਅੰਕ ਦਰਸਾਏ ਗਏ ਹਨ। ਜਦਕਿ “Smile” ਅਤੇ “Uree” ਨਾਮ ਵਾਲੇ ਉਮੀਦਵਾਰਾਂ ਨੂੰ ਦੂਜੇ ਪੜਾਅ ਵਿੱਚ ਗੈਰਹਾਜ਼ਰ (Absent) ਦਰਸਾਇਆ ਗਿਆ ਹੈ।

ਸੁਖਬੀਰ ਬਾਦਲ ਨੇ ਕੀ ਕਿਹਾ?

ਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ ‘ਤੇ ਇਸ ਨੂੰ “ਹੈਰਾਨ ਕਰਨ ਵਾਲਾ, ਸ਼ਰਮਨਾਕ ਅਤੇ ਪੂਰੀ ਤਰ੍ਹਾਂ ਅਸਵੀਕਾਰਯੋਗ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਰਕਾਰੀ ਭਰਤੀ ਪ੍ਰਣਾਲੀ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਬੋਰਡ ਨੇ ਦਿੱਤਾ ਸਪੱਸ਼ਟੀਕਰਨ

ਦੂਜੇ ਪਾਸੇ PSSSB ਦੇ ਸਕੱਤਰ ਅਮਰਿੰਦਰ ਸਿੰਘ ਤਿਵਾਣਾ ਨੇ ਕਿਹਾ ਕਿ ਬੋਰਡ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਭਾਵਨਾ ਹੈ ਕੁਝ ਉਮੀਦਵਾਰਾਂ ਨੇ ਆਨਲਾਈਨ ਅਰਜ਼ੀ ਭਰਦੇ ਸਮੇਂ ਨਾਮ ਵਾਲੇ ਕਾਲਮ ਵਿੱਚ ਗਲਤ ਜਾਣਕਾਰੀ ਦਰਜ ਕਰ ਦਿੱਤੀ ਹੋਵੇ, ਜਿਸ ਕਾਰਨ ਇਹ ਐਂਟਰੀਆਂ ਮੈਰਿਟ ਸੂਚੀ ਵਿੱਚ ਦਿਖਾਈ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਕਨੀਕੀ ਜਾਂ ਡਾਟਾ ਐਂਟਰੀ ਨਾਲ ਜੁੜੀ ਗਲਤੀ ਵੀ ਹੋ ਸਕਦੀ ਹੈ, ਜਿਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।

ਫਿਲਹਾਲ ਬੋਰਡ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮੈਰਿਟ ਸੂਚੀ ਵਿੱਚ ਦਰਜ ਇਹ ਅਸਧਾਰਨ ਨਾਂ ਸਿਰਫ਼ ਡਾਟਾ ਐਂਟਰੀ ਜਾਂ ਤਕਨੀਕੀ ਗਲਤੀ ਦਾ ਨਤੀਜਾ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *