ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, 1 ਜੁਲਾਈ ਤੋਂ ਵਧਣਗੀਆਂ ਫ਼ੀਸਾਂ; ਜਾਣੋ ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ
ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ, ਜਿਸ ਕਾਰਨ ਵੱਖ-ਵੱਖ ਸ਼੍ਰੇਣੀਆਂ ਦੇ ਪਾਸਪੋਰਟਾਂ ਲਈ 1,000 ਤੋਂ 2,500 ਰੁਪਏ ਤੱਕ ਵਾਧੂ ਖਰਚ ਕਰਨਾ ਪੈ ਸਕਦਾ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਜੇਕਰ ਤੁਸੀਂ ਨਵਾਂ ਪਾਸਪੋਰਟ ਬਣਵਾਉਣ ਜਾਂ ਮੌਜੂਦਾ ਪਾਸਪੋਰਟ ਦਾ ਨਵੀਨੀਕਰਨ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ 1 ਜੁਲਾਈ ਤੋਂ ਪਹਿਲਾਂ ਅਰਜ਼ੀ ਦੇਣਾ ਤੁਹਾਡੇ ਲਈ ਫਾਇਦੇਮੰਦ ਰਹਿ ਸਕਦਾ ਹੈ। ਕੇਂਦਰ ਸਰਕਾਰ ਨੇ ਲਗਭਗ 14 ਸਾਲਾਂ ਬਾਅਦ ਪਾਸਪੋਰਟ ਸੇਵਾਵਾਂ ਦੀਆਂ ਫ਼ੀਸਾਂ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ, ਜਿਸ ਕਾਰਨ ਵੱਖ-ਵੱਖ ਸ਼੍ਰੇਣੀਆਂ ਦੇ ਪਾਸਪੋਰਟਾਂ ਲਈ 1,000 ਤੋਂ 2,500 ਰੁਪਏ ਤੱਕ ਵਾਧੂ ਖਰਚ ਕਰਨਾ ਪੈ ਸਕਦਾ ਹੈ। ਇਹ ਵਾਧਾ ਨਵੇਂ ਪਾਸਪੋਰਟ, ਰੀ-ਇਸ਼ੂ, ਗੁੰਮ ਜਾਂ ਖਰਾਬ ਪਾਸਪੋਰਟ ਦੀ ਥਾਂ ਨਵਾਂ ਪਾਸਪੋਰਟ ਬਣਵਾਉਣ ਅਤੇ ਬੱਚਿਆਂ ਦੇ ਪਾਸਪੋਰਟਾਂ ‘ਤੇ ਵੀ ਲਾਗੂ ਹੋਵੇਗਾ। ਜੇਕਰ ਤੁਸੀਂ ਹਾਲੇ ਤੱਕ ਅਰਜ਼ੀ ਨਹੀਂ ਦਿੱਤੀ ਤਾਂ ਤੁਸੀਂ ਘਰ ਬੈਠੇ ਆਨਲਾਈਨ ਪ੍ਰਕਿਰਿਆ ਰਾਹੀਂ ਅਪਲਾਈ ਕਰ ਸਕਦੇ ਹੋ।
1 ਜੁਲਾਈ ਤੋਂ ਇਹ ਹੋਣਗੀਆਂ ਨਵੀਆਂ ਫ਼ੀਸਾਂ
- 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਅਤੇ 15 ਤੋਂ 18 ਸਾਲ ਦੇ ਉਨ੍ਹਾਂ ਨਾਬਾਲਗਾਂ ਲਈ ਜੋ ਬਾਲਗ ਸ਼੍ਰੇਣੀ ਤਹਿਤ ਅਰਜ਼ੀ ਦਿੰਦੇ ਹਨ, 36 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 1,500 ਰੁਪਏ ਤੋਂ ਵਧ ਕੇ 2,500 ਰੁਪਏ ਹੋ ਜਾਵੇਗੀ।
- 36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ ਫ਼ੀਸ 3,500 ਰੁਪਏ ਤੋਂ ਵਧ ਕੇ 5,000 ਰੁਪਏ ਹੋ ਜਾਵੇਗੀ।
- ਬਾਲਗਾਂ ਲਈ 60 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 2,000 ਰੁਪਏ ਦੀ ਥਾਂ 3,500 ਰੁਪਏ ਹੋਵੇਗੀ।
- 60 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ ਹੁਣ 4,000 ਦੀ ਬਜਾਏ 6,000 ਰੁਪਏ ਦੇਣੇ ਪੈਣਗੇ।
- ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਦੀ ਮੁੜ ਜਾਰੀ ਕਰਨ ਦੀ ਫ਼ੀਸ 5,000 ਤੋਂ ਵਧ ਕੇ 7,000 ਰੁਪਏ ਹੋ ਜਾਵੇਗੀ।
- ਨਾਬਾਲਗਾਂ ਲਈ 36 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 1,000 ਤੋਂ ਵਧ ਕੇ 1,750 ਰੁਪਏ ਹੋ ਜਾਵੇਗੀ।
- ਨਾਬਾਲਗਾਂ ਦੇ 36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ 3,000 ਦੀ ਥਾਂ 4,250 ਰੁਪਏ ਅਦਾ ਕਰਨੇ ਪੈਣਗੇ।
- ਪਾਸਪੋਰਟ ਦੀ ਮਿਆਦ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਮ ਪਾਸਪੋਰਟ 10 ਸਾਲ ਲਈ ਵੈਧ ਰਹੇਗਾ, ਜਦਕਿ ਨਾਬਾਲਗਾਂ ਦਾ ਪਾਸਪੋਰਟ 5 ਸਾਲ ਜਾਂ 18 ਸਾਲ ਦੀ ਉਮਰ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।
ਆਨਲਾਈਨ ਅਰਜ਼ੀ ਦੇਣ ਦਾ ਤਰੀਕਾ
ਪਾਸਪੋਰਟ ਲਈ ਆਨਲਾਈਨ ਅਰਜ਼ੀ ਦੇਣ ਵਾਸਤੇ Passport Seva Portal (passportindia.gov.in) ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ ਮੌਜੂਦ Quick Links ਸੈਕਸ਼ਨ ਵਿੱਚੋਂ Apply for Passport ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੀ ਲੋੜ ਅਨੁਸਾਰ Fresh Passport, Re-issue Passport, Tatkal Passport ਜਾਂ Diplomatic/Official Passport ਦੀ ਸ਼੍ਰੇਣੀ ਚੁਣੋ ਅਤੇ ਅੱਗੇ ਦਿੱਤੇ ਨਿਰਦੇਸ਼ਾਂ ਅਨੁਸਾਰ ਫਾਰਮ ਭਰ ਕੇ ਅਰਜ਼ੀ ਜਮ੍ਹਾਂ ਕਰਵਾ ਦਿਓ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
