ਚੰਦੂਮਾਜਰਾ ਦਾ ਤਿੱਖਾ ਰੁਖ: ਅਫੀਮ ਦੀ ਖੇਤੀ ਦਾ ਵਿਰੋਧ, ਪੰਜਾਬ ‘ਚ ਸ਼ਰਾਬਬੰਦੀ ਦੀ ਮੰਗ

ਚੰਦੂਮਾਜਰਾ ਦਾ ਤਿੱਖਾ ਰੁਖ: ਅਫੀਮ ਦੀ ਖੇਤੀ ਦਾ ਵਿਰੋਧ, ਪੰਜਾਬ ‘ਚ ਸ਼ਰਾਬਬੰਦੀ ਦੀ ਮੰਗ

ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਕਿਸੇ ਵੀ ਹਾਲਤ ‘ਚ ਮਨਜ਼ੂਰੀ ਨਹੀਂ ਮਿਲਣੀ ਚਾਹੀਦੀ ਅਤੇ ਨਾਲ ਹੀ ਸੂਬੇ ‘ਚ ਪੂਰੀ ਤਰ੍ਹਾਂ ਸ਼ਰਾਬਬੰਦੀ ਲਾਗੂ ਹੋਣੀ ਚਾਹੀਦੀ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਫੀਮ ਦੀ ਖੇਤੀ ਅਤੇ ਸੂਬੇ ਦੀ ਸ਼ਰਾਬ ਨੀਤੀ ਨੂੰ ਲੈ ਕੇ ਸਪੱਸ਼ਟ ਅਤੇ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਕਿਸੇ ਵੀ ਹਾਲਤ ‘ਚ ਮਨਜ਼ੂਰੀ ਨਹੀਂ ਮਿਲਣੀ ਚਾਹੀਦੀ ਅਤੇ ਨਾਲ ਹੀ ਸੂਬੇ ‘ਚ ਪੂਰੀ ਤਰ੍ਹਾਂ ਸ਼ਰਾਬਬੰਦੀ ਲਾਗੂ ਹੋਣੀ ਚਾਹੀਦੀ ਹੈ।

ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਅਫੀਮ ਦੀ ਖੇਤੀ ਦੀ ਮਨਜ਼ੂਰੀ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ‘ਚ ਚਰਚਾ ਤੇਜ਼ ਹੋ ਗਈ ਹੈ।

“ਨਸ਼ੇ ਦਾ ਇਲਾਜ ਨਵਾਂ ਨਸ਼ਾ ਨਹੀਂ”

ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਇੱਕ ਨਸ਼ੇ ਨੂੰ ਖਤਮ ਕਰਨ ਲਈ ਦੂਜੇ ਨਸ਼ੇ ਨੂੰ ਵਧਾਵਾ ਦੇਣਾ ਗਲਤ ਸੋਚ ਹੈ। ਉਨ੍ਹਾਂ ਨੇ ਕਿਹਾ ਕਿ ਸਿੰਥੈਟਿਕ ਨਸ਼ਿਆਂ ਨੇ ਪਹਿਲਾਂ ਹੀ ਪੰਜਾਬ ਦੀ ਜਵਾਨੀ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ, ਇਸ ਲਈ ਅਫੀਮ ਦੀ ਖੇਤੀ ਨੂੰ ਮਨਜ਼ੂਰੀ ਦੇਣਾ ਹਾਲਾਤ ਹੋਰ ਬਿਗਾੜ ਸਕਦਾ ਹੈ।

ਰੈਵੇਨਿਊ ਲਈ ਸ਼ਰਾਬ ‘ਤੇ ਨਿਰਭਰਤਾ ‘ਤੇ ਸਵਾਲ

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਆਮਦਨ ਵਧਾਉਣ ਲਈ ਹੋਰ ਰਸਤੇ ਖੋਜਣੇ ਚਾਹੀਦੇ ਹਨ, ਨਾ ਕਿ ਸ਼ਰਾਬ ‘ਤੇ ਨਿਰਭਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦੀ ਵੀ ਕੜੀ ਆਲੋਚਨਾ ਕੀਤੀ।

ਬਿਜਲੀ ਕੱਟਾਂ ਅਤੇ ਕਰਜ਼ੇ ‘ਤੇ ਚੁੱਭਦੇ ਸਵਾਲ

ਚੰਦੂਮਾਜਰਾ ਨੇ ਗਰਮੀ ਦੇ ਮੌਸਮ ‘ਚ ਵੱਧ ਰਹੇ ਬਿਜਲੀ ਕੱਟਾਂ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਸਰਕਾਰ ਵੱਲੋਂ ਨਵੀਂ ਬਿਜਲੀ ਉਤਪਾਦਨ ਯੋਜਨਾਵਾਂ ਦੀ ਘਾਟ ਸਾਫ਼ ਦਿਖ ਰਹੀ ਹੈ। ਉਨ੍ਹਾਂ ਨੇ ਸੂਬੇ ਦੇ ਵਧਦੇ ਕਰਜ਼ੇ ‘ਤੇ ਵੀ ਸਵਾਲ ਉਠਾਏ ਅਤੇ ਮੰਗ ਕੀਤੀ ਕਿ ਸਰਕਾਰ ਵਾਈਟ ਪੇਪਰ ਜਾਰੀ ਕਰਕੇ ਪੂਰਾ ਹਿਸਾਬ ਦੇਵੇ।

ਕਿਸਾਨਾਂ ਦੇ ਮਸਲਿਆਂ ‘ਤੇ ਚਿੰਤਾ ਜਤਾਈ

ਉਨ੍ਹਾਂ ਨੇ ਬੇਮੌਸਮੀ ਬਰਸਾਤ ਨਾਲ ਨੁਕਸਾਨੀ ਕਣਕ ਦੀ ਖਰੀਦ ਵਿੱਚ ਦਿੱਤੀ ਗਈ ਢਿੱਲ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਨਾਲ ਹੀ ਦਾਣਾ ਮੰਡੀਆਂ ‘ਚ ਕਣਕ ਦੀ ਚੁਕਾਈ ਦੇ ਮਸਲੇ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਣਾ ਜ਼ਰੂਰੀ ਹੈ।

Leave a Reply

Your email address will not be published. Required fields are marked *