PSEB 12ਵੀਂ ਦੇ ਨਤੀਜੇ ਜਾਰੀ, ਟਾਪਰ ਸੂਚੀ ‘ਚ ਲੜਕੀਆਂ ਦਾ ਦਬਦਬਾ ਕਾਇਮ
ਇਸ ਸਾਲ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 2,65,417 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪ੍ਰੀਖਿਆ ਵਿੱਚ ਸਫ਼ਲ ਰਹੇ ਹਨ। ਇਸ ਵਾਰ ਕੁੱਲ ਪਾਸ ਫ਼ੀਸਦੀ 91.46 ਦਰਜ ਕੀਤੀ ਗਈ ਹੈ

ਮੋਹਾਲੀ
ਬਿਊਰੋ ਰਿਪੋਰਟ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਅਧਿਕਾਰਿਕ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਬੋਰਡ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਾਪ-3 ਸਥਾਨਾਂ ‘ਤੇ ਕਬਜ਼ਾ ਕੀਤਾ ਹੈ। ਮਾਨਸਾ ਦੀ ਸੁਪਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਲੁਧਿਆਣਾ ਦੀ ਸੁਹਾਨੀ ਚੌਹਾਨ ਦੂਜੇ ਅਤੇ ਦਿਵਾਂਸ਼ੀ ਤੀਜੇ ਸਥਾਨ ‘ਤੇ ਰਹੀ ਹੈ। ਖ਼ਾਸ ਗੱਲ ਇਹ ਰਹੀ ਕਿ ਤਿੰਨਾਂ ਹੀ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ 100 ਫ਼ੀਸਦੀ ਨੰਬਰ ਹਾਸਲ ਕੀਤੇ ਹਨ।
ਕੁੱਲ ਨਤੀਜਾ ਅਤੇ ਪਾਸ ਫ਼ੀਸਦੀ
ਇਸ ਸਾਲ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 2,65,417 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪ੍ਰੀਖਿਆ ਵਿੱਚ ਸਫ਼ਲ ਰਹੇ ਹਨ। ਇਸ ਵਾਰ ਕੁੱਲ ਪਾਸ ਫ਼ੀਸਦੀ 91.46 ਦਰਜ ਕੀਤੀ ਗਈ ਹੈ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਵਧੀਆ ਮੰਨੀ ਜਾ ਰਹੀ ਹੈ।

ਲੜਕੀਆਂ ਨੇ ਲੜਕਿਆਂ ਨਾਲੋਂ ਵਧੀਆ ਨਤੀਜੇ ਦਿੱਤੇ
ਜੇਕਰ ਲਿੰਗ ਅਧਾਰਿਤ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਲੜਕੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ। ਲੜਕੀਆਂ ਦੀ ਪਾਸ ਫ਼ੀਸਦੀ 94.73 ਰਹੀ ਹੈ। ਇਸ ਵਾਰ 1,25,695 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,19,073 ਵਿਦਿਆਰਥਣਾਂ ਸਫ਼ਲ ਰਹੀਆਂ। ਦੂਜੇ ਪਾਸੇ, 1,39,716 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,23,676 ਲੜਕੇ ਪਾਸ ਹੋਏ ਹਨ। ਲੜਕਿਆਂ ਦੀ ਪਾਸ ਫ਼ੀਸਦੀ 88.52 ਰਹੀ ਹੈ। ਇਸਦੇ ਨਾਲ ਹੀ ਟ੍ਰਾਂਸਜੈਂਡਰ ਵਰਗ ਦੇ 6 ਵਿਦਿਆਰਥੀਆਂ ਨੇ ਵੀ ਪ੍ਰੀਖਿਆ ਪਾਸ ਕਰਕੇ 100 ਫ਼ੀਸਦੀ ਨਤੀਜਾ ਦਰਜ ਕੀਤਾ ਹੈ।

ਪੇਂਡੂ ਖੇਤਰਾਂ ਦਾ ਨਤੀਜਾ ਸ਼ਹਿਰੀ ਇਲਾਕਿਆਂ ਤੋਂ ਅੱਗੇ
ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਨਤੀਜਿਆਂ ਦੀ ਤੁਲਨਾ ਕਰੀਏ ਤਾਂ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਹਲਕਾ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸ਼ਹਿਰੀ ਖੇਤਰਾਂ ਵਿੱਚ ਪਾਸ ਫ਼ੀਸਦੀ 91.24 ਰਹੀ ਹੈ। ਇੱਥੇ ਕੁੱਲ 1,16,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,06,196 ਪਾਸ ਹੋਏ ਹਨ। ਦੂਜੇ ਪਾਸੇ ਪੇਂਡੂ ਖੇਤਰਾਂ ਵਿੱਚ 1,49,029 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਇਨ੍ਹਾਂ ਵਿੱਚੋਂ 1,36,559 ਵਿਦਿਆਰਥੀ ਸਫ਼ਲ ਰਹੇ। ਪੇਂਡੂ ਖੇਤਰਾਂ ਦੀ ਕੁੱਲ ਪਾਸ ਫ਼ੀਸਦੀ 91.63 ਦਰਜ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
