NEET Re-Exam ਲਈ NTA ਦਾ ਨਵਾਂ ਅਪਡੇਟ, ਉੱਤਰ ਪੱਤਰੀ ਦੇ ਡਿਜ਼ਾਈਨ ‘ਚ ਬਦਲਾਅ, ਰਫ਼ ਵਰਕ ਲਈ ਮਿਲਣਗੇ ਵੱਧ ਪੰਨੇ

NEET Re-Exam ਲਈ NTA ਦਾ ਨਵਾਂ ਅਪਡੇਟ, ਉੱਤਰ ਪੱਤਰੀ ਦੇ ਡਿਜ਼ਾਈਨ ‘ਚ ਬਦਲਾਅ, ਰਫ਼ ਵਰਕ ਲਈ ਮਿਲਣਗੇ ਵੱਧ ਪੰਨੇ

ਹਾਲਾਂਕਿ, ਇਹ ਅਜੇ ਸਾਫ਼ ਨਹੀਂ ਕੀਤਾ ਗਿਆ ਕਿ ਕੀ ਇਹ ਬਦਲਾਅ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ NEET ਪ੍ਰੀਖਿਆਵਾਂ ਵਿੱਚ ਵੀ ਲਾਗੂ ਕੀਤੇ ਜਾਣਗੇ ਜਾਂ ਨਹੀਂ।

ਦਿੱਲੀ

ਬਿਊਰੋ ਰਿਪੋਰਟ

NEET Re-Exam ਯਾਨੀ ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੈਂਸ ਟੈਸਟ ਦੀ ਮੁੜ ਪ੍ਰੀਖਿਆ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ NTA ਨੇ ਰੀ-ਐਗਜਾਮ ਨੂੰ ਲੈ ਕੇ ਕੁਝ ਮਹੱਤਵਪੂਰਨ ਬਦਲਾਅ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਉੱਤਰ ਪੱਤਰੀ ਦੇ ਡਿਜ਼ਾਈਨ ਵਿੱਚ ਸੋਧ ਮੁੱਖ ਹੈ। ਹੁਣ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਰਫ਼ ਵਰਕ ਲਈ ਪਹਿਲਾਂ ਨਾਲੋਂ ਵੱਧ ਪੰਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ NTA ਨੇ ਸਪੱਸ਼ਟ ਕੀਤਾ ਹੈ ਕਿ ਰੀ-ਪ੍ਰੀਖਿਆ ਲਈ ਹੁਣ ਕੁੱਲ 195 ਮਿੰਟ ਦਾ ਸਮਾਂ ਹੋਵੇਗਾ। ਯਾਨੀ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਮਿਲੇਗਾ। ਏਜੰਸੀ ਨੇ ਇਨ੍ਹਾਂ ਤਬਦੀਲੀਆਂ ਨੂੰ ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਗਿਆ ਕਦਮ ਦੱਸਿਆ ਹੈ। ਹਾਲਾਂਕਿ, ਇਹ ਅਜੇ ਸਾਫ਼ ਨਹੀਂ ਕੀਤਾ ਗਿਆ ਕਿ ਕੀ ਇਹ ਬਦਲਾਅ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ NEET ਪ੍ਰੀਖਿਆਵਾਂ ਵਿੱਚ ਵੀ ਲਾਗੂ ਕੀਤੇ ਜਾਣਗੇ ਜਾਂ ਨਹੀਂ।

ਆਓ ਇਸ ਪੂਰੇ ਮਾਮਲੇ ਨੂੰ ਵਿਸਥਾਰ ਨਾਲ ਸਮਝਦੇ ਹਾਂ। ਜਾਣਦੇ ਹਾਂ ਕਿ NEET ਦੀ ਮੁੜ ਪ੍ਰੀਖਿਆ ਕਦੋਂ ਕਰਵਾਈ ਜਾਵੇਗੀ, ਇਸ ਦੇ ਪਿੱਛੇ ਕੀ ਕਾਰਨ ਹੈ ਅਤੇ NTA ਵੱਲੋਂ ਰੀ-ਐਗਜਾਮ ਲਈ ਕਿਹੜੀਆਂ ਨਵੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਰਫ਼ ਵਰਕ ਲਈ 4 ਪੰਨੇ, ਉੱਤਰ ਪੱਤਰੀ ਦਾ ਲੇਆਉਟ ਵੀ ਬਦਲਿਆ

NTA ਨੇ ਪ੍ਰੀਖਿਆ ਕਾਪੀ ਦੇ ਲੇਆਉਟ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਰਫ਼ ਵਰਕ ਲਈ ਦਿੱਤੇ ਜਾਣ ਵਾਲੇ ਪੰਨਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਉਮੀਦਵਾਰਾਂ ਨੂੰ ਰਫ਼ ਵਰਕ ਲਈ ਦੋ ਦੀ ਥਾਂ ਚਾਰ ਪੰਨੇ ਮਿਲਣਗੇ।

ਇਸ ਦੇ ਨਾਲ ਹੀ ਕਾਪੀ ਦੇ ਡਿਜ਼ਾਈਨ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲਾਂ ਰਫ਼ ਵਰਕ ਲਈ ਪੰਨੇ ਸਿਰਫ਼ ਕਾਪੀ ਦੇ ਅਖੀਰ ਵਿੱਚ ਦਿੱਤੇ ਜਾਂਦੇ ਸਨ, ਪਰ ਹੁਣ ਨਵੇਂ ਲੇਆਉਟ ਤਹਿਤ ਦੋ ਪੰਨੇ ਸ਼ੁਰੂ ਵਿੱਚ ਅਤੇ ਦੋ ਪੰਨੇ ਅੰਤ ਵਿੱਚ ਰੱਖੇ ਜਾਣਗੇ। NTA ਦਾ ਕਹਿਣਾ ਹੈ ਕਿ ਪੁਰਾਣਾ ਲੇਆਉਟ ਜ਼ਿਆਦਾਤਰ ਉਮੀਦਵਾਰਾਂ ਲਈ ਢੁੱਕਵਾਂ ਸੀ, ਪਰ ਫੀਡਬੈਕ ਤੋਂ ਇਹ ਸਾਹਮਣੇ ਆਇਆ ਕਿ ਕੁਝ ਵਿਦਿਆਰਥੀਆਂ, ਖਾਸ ਤੌਰ ‘ਤੇ ਖੱਬੇ ਹੱਥ ਨਾਲ ਲਿਖਣ ਵਾਲਿਆਂ ਲਈ ਇਹ ਥੋੜ੍ਹਾ ਅਸੁਵਿਧਾਜਨਕ ਸੀ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਦਾਇਤਾਂ ਵਾਲੇ ਪੰਨੇ ਤੋਂ ਤੁਰੰਤ ਬਾਅਦ ਦੋ ਰਫ਼ ਵਰਕ ਪੰਨੇ ਜੋੜੇ ਗਏ ਹਨ, ਜਦਕਿ ਦੋ ਪੰਨੇ ਪਹਿਲਾਂ ਵਾਂਗ ਅੰਤ ਵਿੱਚ ਵੀ ਉਪਲਬਧ ਰਹਿਣਗੇ।

NTA ਨੇ ਇਹ ਵੀ ਦੱਸਿਆ ਹੈ ਕਿ ਕਾਪੀ ਦਾ ਇਹ ਨਵਾਂ ਲੇਆਉਟ ਪ੍ਰਸ਼ਨ ਪੱਤਰ ਦੇ ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਾਲੇ ਦੋਵੇਂ ਸੰਸਕਰਣਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਉਮੀਦਵਾਰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਰਫ਼ ਵਰਕ ਪੰਨੇ ਦੀ ਵਰਤੋਂ ਕਰ ਸਕਣ।

NEET ਪੇਪਰ ਹੱਲ ਕਰਨ ਲਈ ਮਿਲਣਗੇ 195 ਮਿੰਟ

NEET ਰੀ-ਐਗਜਾਮ ਲਈ ਹੁਣ ਕੁੱਲ 195 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਮੁਕਾਬਲੇ ਵਿਦਿਆਰਥੀਆਂ ਨੂੰ 15 ਮਿੰਟ ਵਾਧੂ ਮਿਲਣਗੇ। NTA ਅਨੁਸਾਰ, ਸਾਲਾਂ ਦੌਰਾਨ ਵਿਦਿਆਰਥੀਆਂ ਤੋਂ ਮਿਲੇ ਸੁਝਾਵਾਂ ਅਤੇ ਫੀਡਬੈਕ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਏਜੰਸੀ ਮੁਤਾਬਕ NEET ਰੀ-ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਇਸ ਵਾਧੂ ਸਮੇਂ ਵਿੱਚ ਹਾਜ਼ਰੀ ਸ਼ੀਟ ‘ਤੇ ਦਸਤਖਤ ਕਰਨ, ਪਛਾਣ ਦੀ ਜਾਂਚ ਅਤੇ ਹੋਰ ਲਾਜ਼ਮੀ ਪ੍ਰੀਖਿਆ ਪ੍ਰਕਿਰਿਆਵਾਂ ਲਈ ਲੱਗਣ ਵਾਲਾ ਸਮਾਂ ਵੀ ਸ਼ਾਮਲ ਕੀਤਾ ਗਿਆ ਹੈ।

21 ਜੂਨ ਨੂੰ ਹੋਵੇਗੀ NEET ਰੀ-ਪ੍ਰੀਖਿਆ, ਪੇਪਰ ਲੀਕ ਕਾਰਨ ਲਿਆ ਗਿਆ ਫੈਸਲਾ

NTA ਵੱਲੋਂ NEET UG 2026 ਦੀ ਪ੍ਰੀਖਿਆ 3 ਮਈ ਨੂੰ ਆਯੋਜਿਤ ਕੀਤੀ ਗਈ ਸੀ, ਜਦਕਿ 6 ਮਈ ਨੂੰ ਇਸ ਦੀ ਪ੍ਰੋਵੀਜ਼ਨਲ ਆਂਸਰ-ਕੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ NEET UG 2026 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ। ਇਸ ਪੂਰੇ ਮਾਮਲੇ ਦੀ ਜਾਂਚ ਇਸ ਵੇਲੇ CBI ਵੱਲੋਂ ਕੀਤੀ ਜਾ ਰਹੀ ਹੈ। ਹੁਣ NEET ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਈ ਜਾਵੇਗੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *