FBI ਦੀ ਵਾਂਟੇਡ ਲਿਸਟ ਵਿੱਚ ਨਾਮ ਆਉਣ ਤੋਂ ਬਾਅਦ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਲਾਈਨ ਹਾਜ਼ਰ, ਜਲੰਧਰ ਦਿਹਾਤੀ ਦੇ ਐਸਪੀ ਨੂੰ ਸੌਂਪੀ ਜਾਂਚ

FBI ਦੀ ਵਾਂਟੇਡ ਲਿਸਟ ਵਿੱਚ ਨਾਮ ਆਉਣ ਤੋਂ ਬਾਅਦ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਲਾਈਨ ਹਾਜ਼ਰ, ਜਲੰਧਰ ਦਿਹਾਤੀ ਦੇ ਐਸਪੀ ਨੂੰ ਸੌਂਪੀ ਜਾਂਚ

ਐਫਬੀਆਈ ਦੇ ਦਾਅਵੇ ਅਨੁਸਾਰ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ਵਿੱਚ ਰਹਿੰਦੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਕਥਿਤ ਤੌਰ ‘ਤੇ ਧਮਕੀ ਦਿੱਤੀ ਕਿ ਜੇ ਰਕਮ ਨਾ ਦਿੱਤੀ ਗਈ ਤਾਂ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਤਲ ਦੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ।

ਜਲੰਧਰ

ਬਿਊਰੋ ਰਿਪੋਰਟ

ਅਮਰੀਕੀ ਜਾਂਚ ਏਜੰਸੀ FBI ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਗੁਰਿੰਦਰਜੀਤ ਸਿੰਘ ‘ਤੇ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ 4 ਲੱਖ ਅਮਰੀਕੀ ਡਾਲਰ (ਕਰੀਬ 4 ਕਰੋੜ ਰੁਪਏ) ਦੀ ਕਥਿਤ ਉਗਰਾਹੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਐਫਬੀਆਈ ਦੇ ਦਾਅਵੇ ਅਨੁਸਾਰ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ਵਿੱਚ ਰਹਿੰਦੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਕਥਿਤ ਤੌਰ ‘ਤੇ ਧਮਕੀ ਦਿੱਤੀ ਕਿ ਜੇ ਰਕਮ ਨਾ ਦਿੱਤੀ ਗਈ ਤਾਂ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਤਲ ਦੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ।

SHO ਗੁਰਿੰਦਰਜੀਤ ਸਿੰਘ ਨੂੰ ਕੀਤਾ ਲਾਈਨ ਹਾਜ਼ਰ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਾਂਡਾ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ ਐਸਐਸਪੀ ਨੇ ਇਹ ਕਾਰਵਾਈ ਕਰਦਿਆਂ ਪੂਰੇ ਮਾਮਲੇ ਦੀ ਜਾਂਚ ਜਲੰਧਰ ਦਿਹਾਤੀ ਦੇ ਐਸਪੀ (ਡੀ) ਨੂੰ ਸੌਂਪ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਡੀਆਈਜੀ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਅਤੇ ਹੋਰ ਜਾਣਕਾਰੀਆਂ ਦੇ ਆਧਾਰ ‘ਤੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਜਾਂ ਵਿਸਥਾਰਤ ਜਾਣਕਾਰੀ ਨਹੀਂ ਮਿਲੀ ਹੈ।

ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਹਕੀਕਤ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ ਸਾਵਧਾਨੀ ਵਜੋਂ ਟਾਂਡਾ ਦੇ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਗੁਰਿੰਦਰਜੀਤ ਸਿੰਘ ਦਾ ਨਾਮ ਕਿਵੇਂ ਸਾਹਮਣੇ ਆਇਆ?

ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਅਮਰੀਕੀ ਏਜੰਸੀਆਂ ਨੇ ਜੱਗੂ ਗੈਂਗ ਨਾਲ ਕਥਿਤ ਸਬੰਧ ਰੱਖਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਪੁੱਛਗਿੱਛ ਦੌਰਾਨ ਉਸ ਨੇ ਗੁਰਿੰਦਰਜੀਤ ਸਿੰਘ ਦਾ ਨਾਮ ਲਿਆ, ਜਿਸ ਤੋਂ ਬਾਅਦ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ।

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਅਮਰੀਕੀ ਪੁਲਿਸ ਨੇ ਲਾਸ ਏਂਜਲਸ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਸੀ ਅਤੇ ਗੁਰਿੰਦਰਜੀਤ ਸਿੰਘ ਨੇ ਕਥਿਤ ਤੌਰ ‘ਤੇ ਉਸ ਕੇਸ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਉਸ ਨੇ ਮਾਮਲਾ ਨਿਪਟਾਉਣ ਦੇ ਬਹਾਨੇ ਉਸ ਵਿਅਕਤੀ ਦੇ ਪਰਿਵਾਰ ਤੋਂ ਪੈਸੇ ਮੰਗਣ ਦੀ ਕਥਿਤ ਕੋਸ਼ਿਸ਼ ਕੀਤੀ।

ਅਮਰੀਕੀ ਅਧਿਕਾਰੀਆਂ ਨੇ ਹੁਣ ਗੁਰਿੰਦਰਜੀਤ ਸਿੰਘ ਨੂੰ ਆਪਣੀ ਵਾਂਟੇਡ ਲਿਸਟ ਵਿੱਚ ਸ਼ਾਮਲ ਕੀਤਾ ਹੈ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਜਾਰੀ ਇੱਕ ਪੋਸਟਰ ਵਿੱਚ ਵੀ ਉਸ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ। ਹਾਲਾਂਕਿ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਗੁਰਿੰਦਰਜੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਖੁਦ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਉਸ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *