‘ਹੁਣ ਆਪਣੀ ਡਾਕੂਮੈਂਟਰੀ ਦੀ ਤਿਆਰੀ ਕਰ ਲਓ…’, ਗੈਂਗਸਟਰ ਵੱਲੋਂ DGP ਪੰਜਾਬ ਅਤੇ ਮਜੀਠੀਆ ਸਮੇਤ ਕਈ ਆਗੂਆਂ ਨੂੰ ਧਮਕੀ
ਗੈਂਗ ਨੇ ਇੱਕ ਕਥਿਤ ਵਟਸਐਪ ਪੋਸਟ ਰਾਹੀਂ ਪੰਜਾਬ ਦੇ ਡੀਜੀਪੀ ਅਤੇ ਕਈ ਸਿਆਸੀ ਆਗੂਆਂ ਨੂੰ ਸਿੱਧੀ ਧਮਕੀ ਦਿੱਤੀ ਹੈ।

ਚੰਡੀਗੜ੍ਹ
ਬਿਊਰੋ ਰਿਪੋਰਟ
ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣ ਰਹੀ ਡਾਕੂਮੈਂਟਰੀ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਫਿਲਮ ਨੂੰ ਲੈ ਕੇ ਹੋਏ ਭਾਰੀ ਵਿਰੋਧ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਵੈੱਬ ਸੀਰੀਜ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਦੌਰਾਨ ਬਿਸ਼ਨੋਈ ਗੈਂਗ ਵੱਲੋਂ ਫਿਲਮ ਨੂੰ ਰੋਕਣ ਦੇ ਮਾਮਲੇ ‘ਚ ਕੜੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਗੈਂਗ ਨੇ ਇੱਕ ਕਥਿਤ ਵਟਸਐਪ ਪੋਸਟ ਰਾਹੀਂ ਪੰਜਾਬ ਦੇ ਡੀਜੀਪੀ ਅਤੇ ਕਈ ਸਿਆਸੀ ਆਗੂਆਂ ਨੂੰ ਸਿੱਧੀ ਧਮਕੀ ਦਿੱਤੀ ਹੈ। (ਇਸ ਪੋਸਟ ਦੀ ਪੁਸ਼ਟੀ ਦੀ ਜ਼ਿੰਮੇਵਾਰੀ ਨਿਊਜ99ਪੰਜਾਬ ਨਹੀਂ ਲੈਂਦਾ)
ਕਿਹੜਿਆਂ ਨੂੰ ਬਣਾਇਆ ਨਿਸ਼ਾਨਾ?
ਬਿਸ਼ਨੋਈ ਗੈਂਗ ਵੱਲੋਂ ਸਾਂਝੀ ਕੀਤੀ ਗਈ ਇਸ ਕਥਿਤ ਪੋਸਟ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ, ਐਡਵੋਕੇਟ ਜਨਰਲ ਮਨਿੰਦਰਜੀਤ ਬੇਦੀ ਅਤੇ ਗੁਰਮੀਤ ਬਬਲੂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਧਮਕੀ ਦਿੱਤੀ ਗਈ ਹੈ।
ਧਮਕੀ ਵਿੱਚ ਕੀ ਲਿਖਿਆ ਗਿਆ?
ਧਮਕੀ ਭਰੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ “ਲਾਰੈਂਸ ਆਫ ਪੰਜਾਬ” ਡਾਕੂਮੈਂਟਰੀ ਕਿਸੇ ਵੀ ਹਾਲਤ ਵਿੱਚ ਚੱਲ ਕੇ ਰਹੇਗੀ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਤੁਸੀਂ ਆਪਣੀ ਡਾਕੂਮੈਂਟਰੀ ਲਈ ਤਿਆਰੀ ਕਰ ਲਓ ਅਤੇ ਆਪਣੀ ਪੂਰੀ ਤਾਕਤ ਲਗਾ ਲਓ। ਇੱਥੋਂ ਤੱਕ ਕਿ ਕਫਨ ਪਹਿਨਣ ਵਾਲੀ ਸਥਿਤੀ ਲਈ ਵੀ ਤਿਆਰ ਰਹੋ। ਪੋਸਟ ਵਿੱਚ ਅੱਗੇ ਲਿਖਿਆ ਗਿਆ ਕਿ “ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਨੂੰ ਛੱਡੋ, ਹੁਣ ਆਪਣੀ ਤਿਆਰੀ ਕਰੋ, ਸਾਡੇ ਕੋਲ ਹਰ ਕਿਸੇ ਦੀ ਜਨਮ ਕੁੰਡਲੀ ਮੌਜੂਦ ਹੈ। ਹੁਣ ਕਿਸੇ ਕੋਲੋਂ ਪੈਸੇ ਨਹੀਂ ਲਵਾਂਗੇ, ਗੋਲੀ ਅਤੇ ਬੰਬ ਨਾਲ ਉਡਾਉਣ ਲਈ ਤਿਆਰ ਰਹੋ…।”
27 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਵੈੱਬ ਸੀਰੀਜ਼
ਜਾਣਕਾਰੀ ਮੁਤਾਬਕ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਸੀ। ਇਸ ਨੂੰ ਨਿਰਦੇਸ਼ਕ ਰਾਘਵ ਧਾਰ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਹ 27 ਅਪ੍ਰੈਲ 2026 ਨੂੰ ਓਟੀਟੀ ਪਲੇਟਫਾਰਮ ਜ਼ੀ5 ‘ਤੇ ਰਿਲੀਜ਼ ਹੋਣੀ ਸੀ। ਹਾਲਾਂਕਿ ਟ੍ਰੇਲਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪੰਜਾਬ ਵਿੱਚ ਰਾਜਨੀਤਿਕ ਵਿਵਾਦ ਛਿੜ ਗਿਆ ਸੀ ਕਿ ਇਹ ਅਪਰਾਧੀਆਂ ਨੂੰ ਮਹਿਮਾ ਮੰਡਿਤ ਕਰ ਰਹੀ ਹੈ।
ਹਾਈਕੋਰਟ ਤੱਕ ਪਹੁੰਚਿਆ ਮਾਮਲਾ
ਇਸ ਸੀਰੀਜ਼ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਹ ਚਿੰਤਾ ਜਤਾਈ ਸੀ ਕਿ ਫਿਲਮ ਦੀ ਰਿਲੀਜ਼ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ।
ਇਸ ਤੋਂ ਬਾਅਦ ਭਾਰਤ ਸਰਕਾਰ ਨੇ ਵੈੱਬ ਸੀਰੀਜ਼ ‘ਤੇ ਪਾਬੰਦੀ ਲਗਾ ਦਿੱਤੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਓਟੀਟੀ ਪਲੇਟਫਾਰਮ ਜ਼ੀ5 ਨੂੰ ਵੀ ਇਸ ਦਾ ਪ੍ਰਸਾਰਣ ਨਾ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ।
ਮੂਸੇਵਾਲਾ ਦੇ ਪਿਤਾ ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਸਮਾਜ ਨੂੰ ਗਲਤ ਸੰਦੇਸ਼ ਦੇ ਰਹੀਆਂ ਹਨ ਅਤੇ ਗੈਂਗਸਟਰਾਂ ਨੂੰ ਹੀਰੋ ਵਜੋਂ ਦਰਸਾਉਣਾ ਨੌਜਵਾਨਾਂ ਲਈ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਈ ਸ਼ਹੀਦ, ਯੋਧੇ, ਵਿਗਿਆਨੀ ਅਤੇ ਖਿਡਾਰੀ ਹਨ, ਜਿਨ੍ਹਾਂ ‘ਤੇ ਫਿਲਮਾਂ ਬਣ ਸਕਦੀਆਂ ਹਨ, ਪਰ ਫਿਰ ਵੀ ਇਸ ਗੈਂਗਸਟਰ ਨੂੰ ਹੀ ਕਿਉਂ ਚੁਣਿਆ ਗਿਆ? ਉਨ੍ਹਾਂ ਦਾ ਦੋਸ਼ ਹੈ ਕਿ ਇਸ ਗੈਂਗਸਟਰ ਨੇ ਉਨ੍ਹਾਂ ਦੇ ਪੁੱਤ ਦੀ ਹੱਤਿਆ ਕੀਤੀ ਅਤੇ ਅੱਜ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ ਅਤੇ ਉਹ ਪੰਜਾਬੀਆਂ ਦਾ ਕਾਤਲ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
