E20 ਪੈਟਰੋਲ ਮਾਮਲੇ ਵਿੱਚ ਅਦਾਲਤ ਦਾ ਅਹਿਮ ਫ਼ੈਸਲਾ, ਕਾਰ ਖ਼ਰਾਬ ਹੋਣ ‘ਤੇ ਕੰਪਨੀ ਨੂੰ ਨਵੀਂ ਗੱਡੀ ਦੇਣ ਦੇ ਹੁਕਮ
ਕਾਇਤਕਰਤਾ ਦਾ ਦੋਸ਼ ਸੀ ਕਿ E20 ਪੈਟਰੋਲ ਦੀ ਵਰਤੋਂ ਕਰਨ ਤੋਂ ਬਾਅਦ ਉਸ ਦੀ ਕਾਰ ਵਿੱਚ ਲਗਾਤਾਰ ਤਕਨੀਕੀ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਈ ਵਾਰ ਸਰਵਿਸ ਸੈਂਟਰ ਵਿੱਚ ਮੁਰੰਮਤ ਕਰਵਾਉਣ ਦੇ ਬਾਵਜੂਦ ਸਮੱਸਿਆ ਦੂਰ ਨਾ ਹੋਈ ਅਤੇ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਵੀ ਝੱਲਣਾ ਪਿਆ।

ਛੱਤੀਸਗੜ੍ਹ
ਬਿਊਰੋ ਰਿਪੋਰਟ
ਭਾਰਤ ਵਿੱਚ E20 ਪੈਟਰੋਲ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਕ ਮਹੱਤਵਪੂਰਨ ਕਾਨੂੰਨੀ ਫ਼ੈਸਲਾ ਸਾਹਮਣੇ ਆਇਆ ਹੈ। ਛੱਤੀਸਗੜ੍ਹ ਦੇ ਰਾਏਪੁਰ ਸਥਿਤ ਖਪਤਕਾਰ ਅਦਾਲਤ ਨੇ ਪਹਿਲੀ ਵਾਰ ਅਜਿਹੇ ਮਾਮਲੇ ਵਿੱਚ ਕਾਰ ਮਾਲਕ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਕੰਪਨੀ ਨੂੰ ਵੱਡੇ ਨਿਰਦੇਸ਼ ਜਾਰੀ ਕੀਤੇ ਹਨ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ E20 ਪੈਟਰੋਲ ਦੀ ਵਰਤੋਂ ਕਰਨ ਤੋਂ ਬਾਅਦ ਉਸ ਦੀ ਕਾਰ ਵਿੱਚ ਲਗਾਤਾਰ ਤਕਨੀਕੀ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਈ ਵਾਰ ਸਰਵਿਸ ਸੈਂਟਰ ਵਿੱਚ ਮੁਰੰਮਤ ਕਰਵਾਉਣ ਦੇ ਬਾਵਜੂਦ ਸਮੱਸਿਆ ਦੂਰ ਨਾ ਹੋਈ ਅਤੇ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਖਪਤਕਾਰ ਨੇ ਅਦਾਲਤ ਨੂੰ ਦੱਸਿਆ ਕਿ E20 ਪੈਟਰੋਲ ਭਰਨ ਤੋਂ ਬਾਅਦ ਕਾਰ ਦੇ ਇੰਜਣ ਦੀ ਕਾਰਗੁਜ਼ਾਰੀ ਵਿੱਚ ਲਗਾਤਾਰ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇੰਜਣ ਵਿੱਚ ਗਲਤ ਫਾਇਰਿੰਗ, ਮਾਈਲੇਜ ਘਟਣਾ ਅਤੇ ਹੋਰ ਕਈ ਤਕਨੀਕੀ ਦਿੱਕਤਾਂ ਸਾਹਮਣੇ ਆਈਆਂ। ਉਹ ਕਈ ਵਾਰ ਸਰਵਿਸ ਸੈਂਟਰ ਪਹੁੰਚਿਆ, ਪਰ ਹਰ ਵਾਰ ਮੁਰੰਮਤ ਤੋਂ ਬਾਅਦ ਵੀ ਸਮੱਸਿਆ ਮੁੜ ਸਾਹਮਣੇ ਆ ਜਾਂਦੀ ਸੀ, ਜਿਸ ਕਾਰਨ ਉਸ ਦਾ ਖਰਚਾ ਲਗਾਤਾਰ ਵਧਦਾ ਗਿਆ।
ਕਾਰ ਡੀਲਰ ਦੀਆਂ ਦਲੀਲਾਂ ਨੂੰ ਅਦਾਲਤ ਨੇ ਨਹੀਂ ਮੰਨਿਆ
ਮਾਮਲੇ ਦੀ ਸੁਣਵਾਈ ਦੌਰਾਨ ਮੁੱਖ ਸਵਾਲ ਇਹ ਸੀ ਕਿ ਕੀ E20 ਪੈਟਰੋਲ ਹੀ ਕਾਰ ਵਿੱਚ ਆਈਆਂ ਖ਼ਰਾਬੀਆਂ ਦਾ ਕਾਰਨ ਬਣਿਆ। ਕਾਰ ਨਿਰਮਾਤਾ ਅਤੇ ਡੀਲਰ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਸੰਬੰਧਤ ਮਾਡਲ E20 ਪੈਟਰੋਲ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਾਹਨ ਵਿੱਚ ਆਈਆਂ ਸਮੱਸਿਆਵਾਂ ਲਈ ਮਾਲਕ ਦੀ ਲਾਪਰਵਾਹੀ, ਗਲਤ ਰੱਖ-ਰਖਾਅ ਅਤੇ ਆਮ ਘਿਸਾਈ ਜ਼ਿੰਮੇਵਾਰ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਨੇ ਕਿਹਾ ਕਿ 2024 ਵਿੱਚ ਖਰੀਦੀ ਗਈ ਕਾਰ E20 ਪੈਟਰੋਲ ਦੀ ਵਰਤੋਂ ਤੋਂ ਪਹਿਲਾਂ ਬਿਲਕੁਲ ਠੀਕ ਚੱਲ ਰਹੀ ਸੀ ਅਤੇ ਇਸ ਤੋਂ ਬਾਅਦ ਹੀ ਲਗਾਤਾਰ ਖ਼ਰਾਬੀਆਂ ਆਉਣੀਆਂ ਸ਼ੁਰੂ ਹੋਈਆਂ।
ਕੰਪਨੀ ਨੂੰ ਨਵੀਂ ਕਾਰ ਦੇਣ ਜਾਂ 20.50 ਲੱਖ ਰੁਪਏ ਵਾਪਸ ਕਰਨ ਦੇ ਨਿਰਦੇਸ਼
ਕਾਰ ਮਾਲਕ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਖ਼ਿਲਾਫ਼ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ 45 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਉਸੇ ਮਾਡਲ ਦੀ E20 ਪੈਟਰੋਲ ਦੇ ਅਨੁਕੂਲ ਨਵੀਂ ਕਾਰ ਮੁਹੱਈਆ ਕਰਵਾਏ। ਜੇਕਰ ਕੰਪਨੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਸ ਨੂੰ ਕਾਰ ਦੀ ਪੂਰੀ ਕੀਮਤ ਕਰੀਬ 20.50 ਲੱਖ ਰੁਪਏ ਵਾਪਸ ਕਰਨੇ ਪੈਣਗੇ। ਇਸ ਦੇ ਨਾਲ ਹੀ ਅਦਾਲਤ ਨੇ ਮਾਨਸਿਕ ਪਰੇਸ਼ਾਨੀ ਲਈ ਇੱਕ ਲੱਖ ਰੁਪਏ ਮੁਆਵਜ਼ਾ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਵਜੋਂ 10 ਹਜ਼ਾਰ ਰੁਪਏ ਅਦਾ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਇੰਜਣ ਵਿੱਚ E20 ਪੈਟਰੋਲ ਦੇ ਅਸਰ ਸਬੰਧੀ ਸਬੂਤ ਵੀ ਅਦਾਲਤ ਵਿੱਚ ਰੱਖੇ ਗਏ
ਸ਼ਿਕਾਇਤਕਰਤਾ ਨੇ ਖਪਤਕਾਰ ਅਦਾਲਤ ਸਾਹਮਣੇ ਅਜਿਹੇ ਸਬੂਤ ਪੇਸ਼ ਕੀਤੇ, ਜਿਨ੍ਹਾਂ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਗਿਆ ਕਿ ਵਾਹਨ ਦੇ ਇੰਜਣ ਵਿੱਚ E20 ਪੈਟਰੋਲ ਇਕੱਠਾ ਹੋਣ ਕਾਰਨ ਤਕਨੀਕੀ ਸਮੱਸਿਆਵਾਂ ਪੈਦਾ ਹੋਈਆਂ। ਮੁਰੰਮਤ ਤੋਂ ਕੁਝ ਦਿਨਾਂ ਬਾਅਦ ਪੈਟਰੋਲ ਟੈਂਕ ਵਿੱਚ ਚਿੱਟੇ ਰੰਗ ਦਾ ਚਿਪਚਿਪਾ ਤਰਲ ਪਦਾਰਥ ਵੀ ਮਿਲਿਆ, ਜਦਕਿ ਇੰਜਣ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ। ਅਦਾਲਤ ਨੇ ਪੇਸ਼ ਕੀਤੇ ਗਏ ਤੱਥਾਂ ਅਤੇ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰ ਕੰਪਨੀ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
