ਕਤਲ ਮਾਮਲੇ ਦੇ ਦੋਸ਼ੀ ਦੀ ਭੈਣ ਨੂੰ ਹਿਰਾਸਤ ਵਿੱਚ ਲੈਣ ਦੇ ਦੋਸ਼ਾਂ ਮਗਰੋਂ ਹੰਗਾਮਾ, ਕਿਸਾਨ ਜਥੇਬੰਦੀਆਂ ਨੇ ਪੁਲਿਸ ਦੀਆਂ ਗੱਡੀਆਂ ਦਾ ਕੀਤਾ ਘਿਰਾਓ

ਕਤਲ ਮਾਮਲੇ ਦੇ ਦੋਸ਼ੀ ਦੀ ਭੈਣ ਨੂੰ ਹਿਰਾਸਤ ਵਿੱਚ ਲੈਣ ਦੇ ਦੋਸ਼ਾਂ ਮਗਰੋਂ ਹੰਗਾਮਾ, ਕਿਸਾਨ ਜਥੇਬੰਦੀਆਂ ਨੇ ਪੁਲਿਸ ਦੀਆਂ ਗੱਡੀਆਂ ਦਾ ਕੀਤਾ ਘਿਰਾਓ

ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਇਲਾਕੇ ਵਿੱਚ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਕਤਲ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਨੌਜਵਾਨ ਦੀ ਭੈਣ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਦੋਸ਼ ਲੱਗੇ।

ਗੁਰਦਾਸਪੁਰ

ਬਿਊਰੋ ਰਿਪੋਰਟ

ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਇਲਾਕੇ ਵਿੱਚ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਕਤਲ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਨੌਜਵਾਨ ਦੀ ਭੈਣ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਦੋਸ਼ ਲੱਗੇ। ਇਸ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ ਕੁਲਵਿੰਦਰ ਸਿੰਘ, ਮਹਿਲਾ ਡੀਐਸਪੀ ਸੀਮਾ ਕੁਮਾਰੀ ਅਤੇ ਪੁਲਿਸ ਪਾਰਟੀ ਨੇ ਪਿੰਡ ਚੰਦਰਭਾਣ ਵਿੱਚ ਛਾਪੇਮਾਰੀ ਕੀਤੀ, ਜਿੱਥੋਂ ਸਾਬਕਾ ਫੌਜੀ ਮਲਕੀਤ ਸਿੰਘ ਉਰਫ਼ ਲਾਲੀ ਦੀ ਅਣਵਿਆਹੀ ਧੀ ਨੂੰ ਆਪਣੇ ਨਾਲ ਲਿਜਾਣ ਦੀ ਕਾਰਵਾਈ ਕੀਤੀ ਗਈ।

ਜਾਣਕਾਰੀ ਮੁਤਾਬਕ 5 ਜੁਲਾਈ ਨੂੰ ਪਿੰਡ ਭੂੰਡੋਵਾਲ ਦੇ ਵਸਨੀਕ ਰੋਹਿਤ ਸਿੰਘ ਦੇ ਕਤਲ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਕਈ ਵਿਅਕਤੀਆਂ ਦੇ ਨਾਲ ਸਾਬਕਾ ਫੌਜੀ ਮਲਕੀਤ ਸਿੰਘ ਉਰਫ਼ ਲਾਲੀ ਦੇ ਪੁੱਤਰ ਗੁਰਸੇਵਕ ਸਿੰਘ ਦਾ ਨਾਮ ਵੀ ਸ਼ਾਮਲ ਹੈ। ਉਸ ਘਟਨਾ ਤੋਂ ਬਾਅਦ ਗੁਰਸੇਵਕ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਸੇ ਜਾਂਚ ਦੇ ਸਿਲਸਿਲੇ ਵਿੱਚ ਪੁਲਿਸ ਟੀਮ ਵੱਲੋਂ ਉਸ ਦੇ ਘਰ ਛਾਪਾ ਮਾਰਿਆ ਗਿਆ।

ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦੇ ਨਾ ਮਿਲਣ ‘ਤੇ ਪੁਲਿਸ ਨੇ ਉਸ ਦੀ ਭੈਣ ਨੂੰ ਜਬਰਨ ਹਿਰਾਸਤ ਵਿੱਚ ਲੈ ਲਿਆ, ਜਦਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰਿਵਾਰ ਨੇ ਪੁਲਿਸ ਦੀ ਇਸ ਕਾਰਵਾਈ ਦਾ ਮੌਕੇ ‘ਤੇ ਵਿਰੋਧ ਕੀਤਾ ਅਤੇ ਪਿੰਡ ਦੇ ਲੋਕ ਵੀ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹੋ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਉਨ੍ਹਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਆਪਣੀ ਕਾਰਵਾਈ ਜਾਰੀ ਰੱਖੀ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਅਤੇ ਵਰਕਰਾਂ ਨੇ ਪੁਰਾਣਾ ਸ਼ਾਲਾ ਚੌਕ ਵਿੱਚ ਧਰਨਾ ਦੇ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਥਾਣਾ ਮੁਖੀ ਅਤੇ ਮਹਿਲਾ ਡੀਐਸਪੀ ਦੀਆਂ ਸਰਕਾਰੀ ਗੱਡੀਆਂ ਦਾ ਘਿਰਾਓ ਕਰ ਦਿੱਤਾ। ਵਧਦੇ ਵਿਰੋਧ ਅਤੇ ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਪੁਲਿਸ ਨੇ ਹਿਰਾਸਤ ਵਿੱਚ ਲਈ ਗਈ ਲੜਕੀ ਨੂੰ ਧਰਨਾਕਾਰੀਆਂ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਹੀ ਰਿਹਾਅ ਕਰ ਦਿੱਤਾ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਾਬਕਾ ਫੌਜੀ ਦੇ ਪੁੱਤਰ ਖ਼ਿਲਾਫ਼ ਕੋਈ ਮਾਮਲਾ ਦਰਜ ਹੈ ਤਾਂ ਪੁਲਿਸ ਉਸ ਨੂੰ ਕਾਨੂੰਨ ਮੁਤਾਬਕ ਗ੍ਰਿਫ਼ਤਾਰ ਕਰ ਸਕਦੀ ਹੈ ਅਤੇ ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ। ਪਰ ਉਨ੍ਹਾਂ ਕਿਹਾ ਕਿ ਕਿਸੇ ਦੋਸ਼ੀ ਦੇ ਪਰਿਵਾਰ ਦੀ ਧੀ ਜਾਂ ਭੈਣ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਹਿਰਾਸਤ ਵਿੱਚ ਲੈ ਕੇ ਪ੍ਰੇਸ਼ਾਨ ਕਰਨਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ, ਜੋ ਇਸੇ ਇਲਾਕੇ ਨਾਲ ਸੰਬੰਧ ਰੱਖਦੇ ਹਨ, ਆਪਣੀ ਕਾਰਵਾਈ ਰਾਹੀਂ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਡੀਐਸਪੀ ਸੀਮਾ ਕੁਮਾਰੀ ਦੀ ਭੂਮਿਕਾ ਨੂੰ ਲੈ ਕੇ ਵੀ ਇਲਾਕੇ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ।

ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਪੁਲਿਸ ਦੀ ਇਸ ਕਾਰਵਾਈ ਦੀਆਂ ਵੀਡੀਓ ਰਿਕਾਰਡਿੰਗਾਂ ਉਨ੍ਹਾਂ ਕੋਲ ਸਬੂਤ ਵਜੋਂ ਮੌਜੂਦ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਸੰਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਲੋੜ ਪੈਣ ‘ਤੇ ਹਾਈਕੋਰਟ ਤੱਕ ਵੀ ਜਾਣਗੇ। ਦੂਜੇ ਪਾਸੇ ਜਦੋਂ ਧਰਨਾ ਸਥਾਨ ‘ਤੇ ਮੌਜੂਦ ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਮਹਿਲਾ ਡੀਐਸਪੀ ਸੀਮਾ ਕੁਮਾਰੀ ਤੋਂ ਪੱਤਰਕਾਰਾਂ ਨੇ ਇਸ ਮਾਮਲੇ ਬਾਰੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਦੋਵਾਂ ਅਧਿਕਾਰੀਆਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਉੱਥੋਂ ਰਵਾਨਾ ਹੋ ਕੇ ਗੁਰਦਾਸਪੁਰ ਵੱਲ ਚਲੇ ਗਏ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ: https://news99punjab.in/

Leave a Reply

Your email address will not be published. Required fields are marked *