ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਤੋਂ ਬਾਅਦ ਵਧੀ ਸਾਵਧਾਨੀ, ਦੁਕਾਨਦਾਰਾਂ ਨੇ ਗਾਹਕਾਂ ਲਈ ਜਾਰੀ ਕੀਤੀ ਅਪੀਲ
ਇਸ ਦੇ ਨਾਲ ਹੀ ਕਈ ਮੈਡੀਕਲ ਸਟੋਰ ਮਾਲਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ੁਦ ਵੀ ਵਾਧੂ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁਝ ਮੈਡੀਕਲ ਸਟੋਰਾਂ ਨੇ ਗਾਹਕਾਂ ਲਈ ਖਾਸ ਨੋਟਿਸ ਵੀ ਲਗਾਏ ਹਨ।

ਚੰਡੀਗੜ੍ਹ
ਬਿਊਰੋ ਰਿਪੋਰਟ
ਚੰਡੀਗੜ੍ਹ ਦੇ ਸੈਕਟਰ-11 ਵਿੱਚ ਮੈਡੀਕਲ ਸਟੋਰ ਦੇ ਕੈਸ਼ੀਅਰ ਦੇ ਕਤਲ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਇਸ ਘਟਨਾ ਮਗਰੋਂ ਸੈਕਟਰ-11 ਦੀਆਂ ਕੈਮਿਸਟ ਦੁਕਾਨਾਂ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਮੈਡੀਕਲ ਸਟੋਰ ਮਾਲਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ੁਦ ਵੀ ਵਾਧੂ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁਝ ਮੈਡੀਕਲ ਸਟੋਰਾਂ ਨੇ ਗਾਹਕਾਂ ਲਈ ਖਾਸ ਨੋਟਿਸ ਵੀ ਲਗਾਏ ਹਨ।
ਇਨ੍ਹਾਂ ਨੋਟਿਸਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਕਾਨ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੀ ਕੈਪ (ਟੋਪੀ), ਹੁੱਡੀ (ਜੈਕਟ ਦੀ ਟੋਪੀ), ਐਨਕ, ਮਾਸਕ ਅਤੇ ਹੈਲਮੈਟ ਉਤਾਰ ਦੇਣ। ਦੱਸਣਯੋਗ ਹੈ ਕਿ 13 ਜੂਨ ਨੂੰ ਹੋਏ ਕੁਮਾਰ ਮੈਡੀਕਲ ਕਤਲਕਾਂਡ ਦੌਰਾਨ ਦੋ ਹਮਲਾਵਰ ਟੋਪੀ ਅਤੇ ਮਾਸਕ ਪਾ ਕੇ ਮੈਡੀਕਲ ਸਟੋਰ ਅੰਦਰ ਦਾਖ਼ਲ ਹੋਏ ਸਨ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਦੋ ਪਹੀਆ ਵਾਹਨ ‘ਤੇ ਬਾਹਰ ਖੜ੍ਹਾ ਸੀ। ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਮਾਲਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਚਿਹਰਾ ਢੱਕ ਕੇ ਦੁਕਾਨ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਇਸ ਕਤਲ ਮਾਮਲੇ ਵਿੱਚ ਸ਼ੱਕੀ ਹਮਲਾਵਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ, ਜਿਸ ਵਿੱਚ ਬੋਲਣ ਵਾਲਾ ਵਿਅਕਤੀ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਆਪਣੀ ਪਛਾਣ ਗੈਂਗਸਟਰ ਗੋਲਡੀ ਢਿੱਲੋਂ ਵਜੋਂ ਕਰਵਾ ਰਿਹਾ ਹੈ। ਆਡੀਓ ਵਿੱਚ ਉਹ ਕਹਿੰਦਾ ਹੈ ਕਿ, “ਮੈਂ ਗੈਂਗਸਟਰ ਗੋਲਡੀ ਢਿੱਲੋਂ ਹਾਂ। ਮੈਂ ਅਤੇ ਮੇਰਾ ਭਰਾ ਰਾਣਾ ਢਿੱਲੋਂ ਬ੍ਰਦਰਜ਼ ਮੈਡੀਕਲ ਸਟੋਰ ‘ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ।”
ਆਡੀਓ ਵਿੱਚ ਬੋਲਣ ਵਾਲੇ ਵਿਅਕਤੀ ਵੱਲੋਂ ਧਮਕੀ ਭਰਿਆ ਸੰਦੇਸ਼ ਵੀ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਉਨ੍ਹਾਂ ਦੇ ਫੋਨ ਨਹੀਂ ਸੁਣਦੇ, ਉਨ੍ਹਾਂ ਨੂੰ ਗੋਲੀਆਂ ਨਾਲ ਜਵਾਬ ਦਿੱਤਾ ਜਾਵੇਗਾ। ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਜੋ ਲੋਕ ਲਾਰੈਂਸ ਅਤੇ ਉਸ ਦੇ ਗਿਰੋਹ ਨਾਲ ਮਿਲ ਕੇ ਉਨ੍ਹਾਂ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਉਹ ਸਾਵਧਾਨ ਰਹਿਣ। ਉਸ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਲਾਰੈਂਸ ਗੈਂਗ ਨੂੰ ਪੈਸੇ ਜਾਂ ਸਮਰਥਨ ਦਿੰਦੇ ਹਨ, ਉਹ ਆਪਣੇ ਨਤੀਜਿਆਂ ਲਈ ਤਿਆਰ ਰਹਿਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/
