SC ਕਮਿਸ਼ਨ ਅੱਗੇ ਫਿਰ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੂੰ ਪਈ ਸਖ਼ਤ ਫਿਟਕਾਰ; 24 ਜੂਨ ਲਈ ਮੁੜ ਕੀਤਾ ਤਲਬ

SC ਕਮਿਸ਼ਨ ਅੱਗੇ ਫਿਰ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੂੰ ਪਈ ਸਖ਼ਤ ਫਿਟਕਾਰ; 24 ਜੂਨ ਲਈ ਮੁੜ ਕੀਤਾ ਤਲਬ

ਇਸ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਈ ਅਤੇ ਰਵਨੀਤ ਬਿੱਟੂ ਨੂੰ ਹੁਣ 24 ਜੂਨ ਨੂੰ ਮੁੜ ਪੇਸ਼ ਹੋਣ ਲਈ ਤਲਬ ਕਰ ਲਿਆ ਹੈ।

ਚੰਡੀਗੜ੍ਹ

ਬਿਊਰੋ ਰਿਪੋਰਟ

ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਥਿਤ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਦੋਸ਼ਾਂ ਵਿੱਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਵੀ ਅਨੁਸੂਚਿਤ ਜਾਤੀ (ਐੱਸ.ਸੀ.) ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਹਾਜ਼ਰ ਨਹੀਂ ਹੋਏ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਮੀਟਿੰਗਾਂ ਅਤੇ ਹੋਰ ਸਰਕਾਰੀ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਦੇਣ ਦੀ ਅਪੀਲ ਕੀਤੀ। ਇਸ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਈ ਅਤੇ ਰਵਨੀਤ ਬਿੱਟੂ ਨੂੰ ਹੁਣ 24 ਜੂਨ ਨੂੰ ਮੁੜ ਪੇਸ਼ ਹੋਣ ਲਈ ਤਲਬ ਕਰ ਲਿਆ ਹੈ।

ਸੁਣਵਾਈ ਦੌਰਾਨ ਜਦੋਂ ਬਿੱਟੂ ਦੇ ਵਕੀਲ ਨੇ ਗੈਰਹਾਜ਼ਰੀ ਦਾ ਕਾਰਨ ਮੀਟਿੰਗਾਂ ਨੂੰ ਦੱਸਿਆ ਤਾਂ ਕਮਿਸ਼ਨ ਨੇ ਇਸ ‘ਤੇ ਸਖ਼ਤ ਰੁਖ ਅਪਣਾਇਆ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 4 ਜੂਨ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਖ਼ੁਦ ਰਵਨੀਤ ਬਿੱਟੂ ਵੱਲੋਂ 15 ਜੂਨ ਦੀ ਤਾਰੀਖ਼ ਲਈ ਗਈ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਹਿਲਾਂ ਤੋਂ ਹੀ ਮੀਟਿੰਗਾਂ ਨਿਰਧਾਰਤ ਸਨ ਤਾਂ ਉਸ ਵੇਲੇ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਾਂ ਤਾਂ ਇਹ ਯੋਜਨਾਬੰਦੀ ਦੀ ਕਮੀ ਹੈ ਜਾਂ ਫਿਰ ਜਾਣਬੁੱਝ ਕੇ ਜਾਂਚ ਦੀ ਪ੍ਰਕਿਰਿਆ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਰਵਨੀਤ ਸਿੰਘ ਬਿੱਟੂ ‘ਤੇ ਪੁਲਿਸ ਕਰਮਚਾਰੀਆਂ ਪ੍ਰਤੀ ਕਥਿਤ ਤੌਰ ‘ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਹੋਏ ਹਨ। ਇਸ ਮਾਮਲੇ ਦੀ ਐੱਸ.ਸੀ. ਕਮਿਸ਼ਨ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਹਰ ਵਿਅਕਤੀ ਬਰਾਬਰ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਸਭ ਦੀਆਂ ਨਜ਼ਰਾਂ 24 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਤੇ ਟਿਕੀਆਂ ਹੋਈਆਂ ਹਨ ਕਿ ਰਵਨੀਤ ਬਿੱਟੂ ਖ਼ੁਦ ਕਮਿਸ਼ਨ ਅੱਗੇ ਪੇਸ਼ ਹੁੰਦੇ ਹਨ ਜਾਂ ਨਹੀਂ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://news99punjab.in/

Leave a Reply

Your email address will not be published. Required fields are marked *